ਗਗਨਦੀਪ ਅਰੋੜਾ
ਲੁਧਿਆਣਾ, 4 ਜੂਨ
ਸਨੱਅਤੀ ਸ਼ਹਿਰ ’ਚ ਸ਼ੁੱਕਰਵਾਰ ਨੂੰ ਸਵੇਰੇ ਪਏ ਮੀਂਹ ਕਾਰਨ ਇੱਕ ਵਾਰ ਫਿਰ ਸ਼ਹਿਰ ਜਲਥਲ ਹੋ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਨੂੰ 18.6 ਐਮ.ਐਮ ਮੀਂਹ ਦਰਜ ਕੀਤਾ ਗਿਆ ਹੈ। ਸਵੇਰੇ ਪਏ ਮੀਂਹ ਨੇ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਨੂੰ ਪਾਣੀ ਪਾਣੀ ਕਰ ਦਿੱਤਾ।
ਮਾਤਾ ਰਾਣੀ ਚੌਂਕ ਤੋਂ ਰੇਖੀ ਸਿਨੇਮਾ ਚੌਂਕ ਤੱਕ ਚੱਲ ਰਹੇ ਸਟੋਰਮ ਸੀਵਰੇਜ਼ ਪ੍ਰਾਜੈਕਟ ਦੀ ਤਾਂ ਸਾਰੀ ਮਿੱਟੀ ਧਸ ਗਈ ਤੇ ਮੀਂਹ ਦੌਰਾਨ ਇੱਥੇ ਕਈ ਗੱਡੀਆਂ ਫੱਸ ਗਈਆਂ। ਮੀਂਹ ਕਾਰਨ ਗਰਮੀ ਨਾਲ ਲੋਕਾਂ ਤੋਂ ਲੋਕਾਂ ਨੂੰ ਰਾਹਤ ਮਿਲੀ। ਸ਼ੁੱਕਰਵਾਰ ਨੂੰ ਸਵੇਰ ਦਾ ਘੱਟੋ ਘੱਟ ਤਾਪਮਾਨ 20.6 ਡਿਗਰੀ ਅਤੇ ਜ਼ਿਆਦਾਤਰ ਤਾਪਮਾਨ 30.6 ਡਿਗਰੀ ਰਿਹਾ ਹੈ। ਸ਼ੱਨਿਚਰਵਾਰ ਨੂੰ ਕਈ ਥਾਂਵਾਂ ’ਤੇ ਬੱਦਲ ਛਾਏ ਰਹੇ। ਸ਼ੁੱਕਰਵਾਰ ਨੂੰ ਮੀਂਹ ਦੇ ਕਾਰਨ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ’ਚ ਪਾਣੀ ਭਰ ਗਿਆ।
ਜਿੰਨ੍ਹਾਂ ਇਲਾਕਿਆਂ ’ਚ ਵਿਕਾਸ ਕਾਰਜ ਚੱਲ ਰਹੇ ਸਨ, ਉਥੇਂ ਮੀਂਹ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਚੁੱਕਣੀ ਪਈ। ਸਭ ਤੋਂ ਵੱਧ ਪਰੇਸ਼ਾਨੀ ਮਾਤਾ ਰਾਣੀ ਚੌਕ ਤੋਂ ਰੇਖੀ ਸਿਨੇਮਾ ਚੌਂਕ ਤੱਕ ਸਟੋਰਮ ਸੀਵਰੇਜ਼ ਪ੍ਰੋਜੈਕਟ ਦੀ ਕਈ ਥਾਵਾਂ ਤੋਂ ਮਿੱਟੀ ਧੱਸ ਗਈ, ਉਸ ਦੇ ਨਾਲ ਹੀ ਉਪਰ ਪਾਣੀ ਖੜ੍ਹਾ ਹੋਣ ਕਾਰਨ ਉਥੋਂ ਲੰਘਣ ਵਾਲੀਆਂ ਕਈ ਗੱਡੀਆਂ ਉਥੇ ਫੱਸ ਗਈਆਂ, ਜਿਸ ਕਾਰਨ ਉਥੇ ਲੰਮਾ ਜਾਮ ਲੱਗ ਗਿਆ, ਮਿੱਟੀ ਧੱਸਣ ਕਾਰਨ ਉਥੇ ਇੱਕ ਸਾਈਡ ’ਤੇ ਟਰੈਫਿਕ ਬੰਦ ਕਰਨਾ ਪਇਆ। ਉਥੇ ਦੇ ਦੁਕਾਨਦਾਰਾਂ ਤੇ ਲੋਕਾਂ ਨੇ ਦੋਸ਼ ਲਗਾਏ ਕਿ ਨਗਰ ਨਿਗਮ ਨੂੰ ਪਤਾ ਸੀ ਕਿ ਮੌਨਸੂਨ ਸੀਜ਼ਨ ਨੇੜੇ ਹੈ, ਨਾਲ ਹੀ ਮੀਂਹ ਦੀ ਸੰਭਾਵਨਾ ਵੀ ਦੱਸੀ ਗਈ ਸੀ ਇਸਦੇ ਬਾਵਜੂਦ ਨਗਰ ਨਿਗਮ ਨੇ ਤਿੰਨ ਸਾਲਾਂ ਤੋਂ ਕਾਗਜ਼ਾਂ ਵਿੱਚ ਚੱਲ ਰਿਹਾ ਸੀ ਆਖ਼ਰ ਫਿਰ ਨਗਰ ਨਿਗਮ ਨੇ ਮੀਂਹ ਤੋਂ ਪਹਿਲਾਂ ਹੀ ਇਹ ਪ੍ਰੋਜੈਕਟ ਕਿਉਂ ਸ਼ੁਰੂ ਕੀਤਾ। ਦੁਕਾਨਦਾਰਾਂ ਨੇ ਨਗਰ ਨਿਗਮ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਤੋਂ ਇਲਾਵਾ ਕਾਲਜ਼ ਰੋਡ ’ਤੇ ਵੀ ਪਾਏ ਜਾ ਰਹੇ ਸੀਵਰੇਜ਼ ਦੀ ਮਿੱਟੀ ਮੀਂਹ ਦੇ ਪਾਣੀ ਕਾਰਨ ਧੱਸ ਗਈ ਤੇ ਉਥੇ ਵੀ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਇਆ। ਪੀਏਯੂ ਦੇ ਮੌਸਮ ਵਿਭਾਗ ਦੀ ਡਾਕਟਰ ਕੇ.ਕੇ ਗਿੱਲ ਦੱਸਦੇ ਹਨ ਕਿ ਸ਼ੁੱਕਰਵਾਰ ਨੂੰ ਜੋ ਮੀਂਹ ਪਿਆ ਹੈ, ਉਹ ਪੱਛਮੀ ਗੜਬੜੀ ਕਾਰਨ ਪਿਆ ਹੈ। ਐਤਵਾਰ ਤੋਂ ਮੌਸਮ ਸਾਫ਼ ਰਹੇਗਾ, ਕਿਤੇ ਨਾ ਕਿਤੇ ਬੱਦਲ ਛਾਏ ਰਹਿ ਸਕਦੇ ਹਨ, ਪਰ ਮੀਂਹ ਦੀ ਉਮੀਦ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਇਹ ਮੀਂਹ ਝੋਨੇ ਦੀ ਫਸਲ ਲਈ ਬਹੁਤ ਚੰਗਾ ਹੈ, ਪਰ ਕਪਾਹ ਦੀ ਫਸਲ ਲਈ ਇਹ ਮਾੜਾ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਜੇਕਰ ਮੀਂਹ ਪੈਂਦਾ ਹੈ ਤਾਂ ਕਪਾਹ ਦੇ ਖੇਤਾਂ ’ਚ ਉਹ ਪਾਣੀ ਜਮ੍ਹਾ ਨਾ ਹੋਣ ਦੇਣ, ਜੇਕਰ ਪਾਣੀ ਜਮ੍ਹਾਂ ਹੁੰਦਾ ਹੈ ਤਾਂ ਉਸਨੂੰ ਤੁਰੰਤ ਬਾਹਰ ਕੱਢ ਦੇਣ।