ਨਿੱਜੀ ਪੱਤਰ ਪ੍ਰੇਰਕ
ਖੰਨਾ, 29 ਜੁਲਾਈ
ਭਾਵੇਂ ਬਰਸਾਤ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਪਰ ਇਥੋਂ ਦੇ ਲਲਹੇੜੀ ਰੋਡ ਲਾਈਨੋਂ ਪਾਰ ਇਲਾਕੇ ਦੀ ਬੇਹੱਦ ਮਾੜੀ ਹਾਲਤ ਹੋ ਗਈ ਹੈ, ਜਿਸ ਕਾਰਨ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਇਲਾਕਾ ਲੰਮੇ ਸਮੇਂ ਤੋਂ ਵਿਕਾਸ ਤੋਂ ਵਾਂਝਾ ਹੈ ਤੇ ਹੁਣ ਕੇਂਦਰ ਸਰਕਾਰ ਦੀ ਅਮਰੂਤ ਸਕੀਮ ਤਹਿਤ ਪਾਏ ਜਾ ਰਹੇ ਸੀਵਰੇਜ ਅਤੇ ਵਾਟਰ ਸਪਲਾਈ ਦੇ ਕੰਮ ਵਿਚ ਹੋ ਰਹੀ ਢਿੱਲ ਕਾਰਨ ਹਰ ਪਾਸੇ ਵੱਡੇ ਵੱਡੇ ਟੋਏ ਪੁੱਟੇ ਹੋਏ ਹਨ, ਜਿਸ ਕਾਰਨ ਰੋਜ਼ਾਨਾ ਹਾਦਸੇ ਵਾਪਰਦੇ ਹਨ।
ਮੀਂਹ ਕਾਰਨ ਗਲੀਆਂ ਵਿਚ ਚਿੱਕੜ ਇੱਕਠਾ ਹੋ ਗਿਆ ਹੈ ਤੇ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੈ। ਇਸ ਮੌਕੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਇਲਾਕੇ ਦੇ ਵਸਨੀਕ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਰਹੇ ਹਨ, ਪਰ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਗਿਆ।
ਇਸ ਸਬੰਧੀ ਸੀਵਰੇਜ ਬੋਰਡ ਦੇ ਐੱਸਡੀਓ ਗੁਰਤੇਜ ਸਿੰਘ ਨੇ ਕਿਹਾ ਕਿ ਵੱਡੇ ਇਲਾਕੇ ਵਿਚ ਸੀਵਰੇਜ ਪੈ ਚੁੱਕਾ ਹੈ, ਸਿਰਫ਼ ਗੈਪ ਲੱਗਣੇ ਬਾਕੀ ਹਨ। ਜਿਹੜੀ ਥਾਂ ਸੀਵਰੇਜ ਨਹੀਂ ਪਏ, ਉਸ ਦੀ ਸੂਚੀ ਤਿਆਰ ਕੀਤੀ ਗਈ ਹੈ, ਤੇ ਟੈਂਡਰ ਲੱਗਣ ਮਗਰੋਂ ਹੀ ਕੰਮ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਜਿਸ ਇਲਾਕੇ ਵਿਚ ਸੀਵਰੇਜ ਪੈ ਚੁੱਕਾ ਹੈ, ਉਹ ਇਲਾਕਾ ਅਗਸਤ ਮਹੀਨੇ ਵਿਚ ਚਾਲੂ ਹੋ ਜਾਵੇਗਾ।