ਗਗਨਦੀਪ ਅਰੋੜਾ
ਲੁਧਿਆਣਾ, 17 ਜੂਨ
ਸਮਾਰਟ ਸਿਟੀ ਲੁਧਿਆਣਾ ਵਿੱਚ ਦੇਰ ਰਾਤ ਚੱਲੀ ਤੇਜ਼ ਹਵਾ ਤੋਂ ਬਾਅਦ ਸ਼ੁੱਕਰਵਾਰ ਨੂੰ ਪ੍ਰੀ-ਮੌਨਸੂਨ ਦੇ ਪਹਿਲੇ ਮੀਂਹ ਨਾਲ ਸ਼ਹਿਰਵਾਸੀਆਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਸੜਕਾਂ ’ਤੇ ਮੀਂਹ ਦਾ ਪਾਣੀ ਭਰਨ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਇਲਾਕਿਆਂ ਵਿੱਚ ਪਾਣੀ ਜਮ੍ਹਾਂ ਹੋ ਗਿਆ ਤੇ ਹਨੇਰੀ ਕਾਰਨ ਦਰੱਖਤ ਬਿਜਲੀ ਦੀਆਂ ਤਾਰਾਂ ’ਤੇ ਡਿੱਗ ਗਏ। ਤਾਰਾਂ ਉਤੇ ਦਰੱਖਤ ਡਿੱਗਣ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ 5 ਤੋਂ 8 ਘੰਟੇ ਅਤੇ ਕਈ ਇਲਾਕਿਆਂ ’ਚ 10 ਘੰਟੇ ਤੱਕ ਬਿਜਲੀ ਗੁੱਲ ਰਹੀ। ਜਾਣਕਾਰੀ ਮੁਤਾਬਿਕ ਸ਼ਹਿਰ ਦੇ ਬਸਤੀ ਜੋਧੇਵਾਲ, ਦੁੱਗਰੀ, ਆਤਮ ਨਗਰ, ਗਿੱਲ ਰੋਡ, ਜਨਤਾ ਨਗਰ, ਦਸਮੇਸ਼ ਨਗਰ, ਢੰਡਾਰੀ, ਸੰਤ ਈਸ਼ਰ ਨਗਰ, ਸ਼ਿਮਲਾਪੁਰੀ, ਮਿਲਰਗੰਜ, ਗੁਰੂ ਗਿਆਨ ਵਿਹਾਰ, ਪ੍ਰਕਾਸ਼ ਨਗਰ, ਕਰਨੈਲ ਸਿੰਘ ਨਗਰ, ਫੁੱਲਾਂਵਾਲ, ਮੋਤੀ ਨਗਰ, ਸਰਾਭਾ ਨਗਰ, ਮਡਾਲ ਟਾਊਨ, ਮਾਡਲ ਹਾਊਸ, ਪੱਖੋਵਾਲ ਰੋਡ, ਪੰਜਾਬ ਮਾਤਾ ਨਗਰ, ਘੁਮਾਰ ਮੰਡੀ, ਸਲੇਮ ਟਾਬਰੀ, ਨੂਰਵਾਲਾ ਰੋਡ, ਹੈਬੋਵਾਲ, ਸੁੰਦਰ ਨਗਰ, ਬਸਤੀ ਜੋਧੇਵਾਲ, ਟਿੱਬਾ ਰੋਡ, ਅਸ਼ੋਕ ਨਗਰ, ਫੀਲਡਗੰਜ, ਕਿਦਵਈ ਨਗਰ, ਜਨਕਪੁਰੀ ਤੇ ਭਾਰਤ ਨਗਰ ਚੌਕ ਸਣੇ ਕਈ ਇਲਾਕਿਆਂ ਵਿੱਚ ਪਾਣੀ ਭਰਨ ਤੇ ਬਿਜਲੀ ਬੰਦ ਰਹਿਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜੱਸੀਆਂ ਰੋਡ ਦੇ ਨੇੜਲੇ ਮੁਹੱਲਿਆਂ ਵਿੱਚ 10 ਘੰਟੇ ਤੱਕ ਬਿਜਲੀ ਗੁੱਲ ਰਹਿਣ ਦੀ ਸੂਚਨਾ ਹੈ, ਜਿਸ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਸਬੰਧੀ ਦਿੱਕਤਾਂ ਆਈਆਂ।
ਇਸ ਦੇ ਨਾਲ ਹੀ ਕਈ ਮੁਹੱਲਿਆਂ ਵਿੱਚ ਸੀਵਰੇਜ ਓਵਰਫਲੋਅ ਹੋਣ ਕਾਰਨ ਗੰਦਾ ਪਾਣੀ ਸੜਕਾਂ ’ਤੇ ਆ ਗਿਆ ਤੇ ਲੋਕਾਂ ਨੂੰ ਆਉਣ ਜਾਣ ’ਚ ਪ੍ਰੇਸ਼ਾਨੀ ਹੋਈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਟਰੈਫਿਕ ਜਾਮ ਵੀ ਰਿਹਾ, ਜਿਸ ਵਿੱਚ ਰਾਹਗੀਰ ਕਈ ਘੰਟੇ ਫਸੇ ਰਹੇ।
ਨਿਗਮ ਕਮਿਸ਼ਨਰ ਵੱਲੋਂ ਸ਼ਹਿਰ ਦਾ ਦੌਰਾ
ਨਗਰ ਨਿਗਮ ਕਮਿਸ਼ਨਰ ਸ਼ੀਨਾ ਅਗਰਵਾਲ ਨੇ ਅੱਜ ਮੀਂਹ ਦੌਰਾਨ ਸ਼ਹਿਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਓਐਂਡਐੱਮ ਸੈੱਲ ਦੇ ਮੁਲਾਜ਼ਮ ਸਨ। ਜਾਣਕਾਰੀ ਮੁਤਾਬਿਕ ਨਿਗਮ ਕਮਿਸ਼ਨਰ ਨੇ ਉਨ੍ਹਾਂ ਥਾਵਾਂ ਦਾ ਦੌਰਾ ਕੀਤਾ ਜਿੱਥੇ ਪਾਣੀ ਖੜ੍ਹਾ ਸੀ ਤੇ ਅਧਿਕਾਰੀਆਂ ਨੂੰ ਸਮੱਸਿਆ ਦੇ ਹੱਲ ਸਬੰਧੀ ਹਦਾਇਤਾਂ ਵੀ ਦਿੱਤੀਆਂ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਬੁੱਢੇ ਨਾਲੇ ਦੇ ਨੇੜਲੇ ਇਲਾਕੇ ਦਾ ਵੀ ਦੌਰਾ ਕੀਤਾ ਗਿਆ।