ਗਗਨਦੀਪ ਅਰੋੜਾ
ਲੁਧਿਆਣਾ, 5 ਫਰਵਰੀ
ਚੋਣਾਂ ਤੋਂ ਪਹਿਲਾਂ ਕਾਂਗਰਸੀ ਉਮੀਦਵਾਰਾਂ ਨੂੰ ‘ਜਿੱਤ ਦਾ ਮੰਤਰ’ ਦੇਣ ਦੇ ਲਈ ਰਾਹੁਲ ਗਾਂਧੀ ਐਤਵਾਰ ਨੂੰ ਲੁਧਿਆਣਾ ਆ ਰਹੇ ਹਨ। ਸ਼ਹਿਰ ਦੇ ਫਿਰੋਜ਼ਪੁਰ ਰੋਡ ’ਤੇ ਵੱਡੇ ਮੈਰਿਜ਼ ਪੈਲੇਸ ਵਿੱਚ ਰਾਹੁਲ ਗਾਂਧੀ ਦੀ ਰੈਲੀ ਰੱਖੀ ਗਈ ਹੈ। ਇੱਥੇ ਕਰੋਨਾ ਪਾਬੰਦੀਆਂ ਕਾਰਨ ਸਿਰਫ਼ 1000 ਲੋਕ ਹੀ ਸ਼ਾਮਲ ਹੋਣਗੇ, ਪਰ ਵਰਚੁਅਲ ਤਰੀਕੇ ਦੇ ਨਾਲ ਪੂਰੇ ਪੰਜਾਬ ਵਿੱਚ 117 ਵਿਧਾਨ ਸਭਾ ਹਲਕਿਆਂ ਵਿਚ ਰਾਹੁਲ ਗਾਂਧੀ ਦੇ ਲੋਕਾਂ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਕਾਂਗਰਸੀਆਂ ਤੇ ਕਾਂਗਰਸੀ ਉਮੀਦਵਾਰਾਂ ਦੇ ਨਾਲ ਰਾਹੁਲ ਗਾਂਧੀ ਦੀ ਇੱਕ ਘੰਟਾ ਸਿੱਧੇ ਤੌਰ ’ਤੇ ਮਿਲਣ ਦੀ ਮੀਟਿੰਗ ਵੀ ਰੱਖੀ ਗਈ ਹੈ। ਨਾਲ ਹੀ ਲੁਧਿਆਣਾ ਜ਼ਿਲ੍ਹੇ ਦੇ 14 ਹਲਕਿਆਂ ਦੇ ਉਮੀਦਵਾਰਾਂ ਦੀਆਂ ਵਰਚੁਅਲ ਰੈਲੀ ਦੇ ਟੈਲੀਕਾਸਟ ਦੇ ਲਈ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ।
ਲੁਧਿਆਣਾ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਰਾਹੁਲ ਗਾਂਧੀ ਸਾਹਨੇਵਾਲ ਹਵਾਈ ਅੱਡੇ ’ਤੇ ਉਤਰਨਗੇ, ਇੱਥੋਂ ਕਾਰ ਜ਼ਰੀਏ ਫਿਰੋਜ਼ਪੁਰ ਰੋਡ ਰੈਲੀ ਸਥਾਨ ਪੁੱਜਣਗੇ। ਪਹਿਲਾਂ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ ਜਾਵੇਗੀ। ਇਸ ਤੋਂ ਬਾਅਦ 2 ਤੋਂ 3 ਵਜੇ ਤੱਕ ਹਰਸ਼ਿਲਾ ਰਿਜ਼ੋਰਟ ਵਿੱਚ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਵਰਚੁਅਲ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਲੋਕ ਜੁੜਨਗੇ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ 4 ਵਜੇ ਰਾਹੁਲ ਗਾਂਧੀ ਸਾਹਨੇਵਾਲ ਹਵਾਈ ਅੱਡੇ ਤੋਂ ਹੀ ਦਿੱਲੀ ਦੇ ਲਈ ਰਵਾਨਾ ਹੋ ਜਾਣਗੇ।
ਜ਼ਿਲ੍ਹੇ ਦੇ 14 ਹਲਕਿਆਂ ਵਿੱਚ ਸਾਰੇ ਹੀ ਕਾਂਗਰਸੀ ਉਮੀਦਵਾਰ ਆਪਣੇ ਦਫ਼ਤਰਾਂ ਤੇ ਹੋਰਨਾਂ ਥਾਵਾਂ ’ਚ ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਦਿਖਾਉਣ ਦੇ ਲਈ ਤਿਆਰੀਆਂ ਕਰ ਰਹੇ ਹਨ।
ਚੰਨੀ ਦੀ ਆਮਦ ਲਈ ਇਕਜੁੱਟ ਨਜ਼ਰ ਆਏ ਕਾਂਗਰਸੀ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਲਕੇ ਮੁੱਲਾਂਪੁਰ ਨੇੜੇ ਹਰਸ਼ੀਲਾ ਰਿਜ਼ੌਰਟ ’ਚ ਪਹੁੰਚੇ ਰਹੇ ਰਾਹੁਲ ਗਾਂਧੀ ਵਾਲੇ ਪ੍ਰੋਗਰਾਮ ’ਚ ਸ਼ਿਰਕਤ ਕਰਨ ਉਪਰੰਤ ਜਗਰਾਉਂ ਪਹੁੰਚਣਗੇ। ਉਨ੍ਹਾਂ ਦਾ ਇੱਥੋਂ ਨਜ਼ਦੀਕੀ ਨਾਨਕਸਰ ਸੰਪਰਦਾਇ ਦੀ ਮੁੱਖ ਠਾਠ ਨਾਨਕਸਰ ਕਲੇਰਾਂ ਵਿਚ ਜਾ ਕੇ ਨਤਮਸਤਕ ਹੋਣ ਦਾ ਪ੍ਰੋਗਰਾਮ ਹੈ। ਇਸ ਦਾ ਲਾਹਾ ਕਾਂਗਰਸੀ ਉਮੀਦਵਾਰ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੂੰ ਮਿਲ ਸਕਦਾ ਹੈ। ਇਸ ਫੇਰੀ ਤੋਂ ਪਹਿਲਾਂ ਕਾਂਗਰਸ ਪਾਰਟੀ ਅੱਜ ਪੂਰੀ ਤਰ੍ਹਾਂ ਇਕਜੁੱਟ ਨਜ਼ਰ ਆਈ। ਮੁੱਖ ਮੰਤਰੀ ਦੀ ਇਸ ਆਮਦ ਨੂੰ ਲੈ ਕੇ ਅੱਜ ਕੀਤੀ ਗਈ ਮੀਟਿੰਗ ’ਚ ਹਲਕੇ ਦੀ ਸਮੁੱਚੀ ਲੀਡਰਸ਼ਿਪ, ਅਹੁਦੇਦਾਰ, ਪੰਚ-ਸਰਪੰਚ ਤੇ ਕੌਂਸਲਰਾਂ ਨੇ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ। ਹਾਲੇ ਪਿਛਲੇ ਹਫ਼ਤੇ ਹੀ ਜੱਗਾ ਹਿੱਸੋਵਾਲ ਦੀ ਟਿਕਟ ਦੇ ਐਲਾਨ ਮੌਕੇ ਇਹੋ ਕਾਂਗਰਸੀ ਧੜਿਆਂ ’ਚ ਵੰਡੇ ਨਜ਼ਰ ਆਏ ਸਨ। ਮੀਟਿੰਗ ’ਚ ਵਿਧਾਇਕ ਜੱਗਾ ਹਿੱਸੋਵਾਲ ਨੇ ਕਿਹਾ ਕਿ ਮੁੱਖ ਮੰਤਰੀ ਦਾ ਹਲਕੇ ਦੇ ਕਾਂਗਰਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਮੀਟਿੰਗ ਨੂੰ ਜ਼ਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਬਿ ਨੇ ਸੰਬੋਧਨ ਕਰਦਿਆਂ ਹਲਕੇ ਦੇ ਸਾਰੇ ਪਾਰਟੀ ਆਗੂਆਂ ਨੂੰ ਇਸ ਸਮੇਂ ਪਹੁੰਚਣ ਦੀ ਅਪੀਲ ਕੀਤੀ।