ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਜੂਨ
ਪੰਜਾਬ ਇਸਤਰੀ ਸਭਾ ਦੀ ਸੂਬਾ ਕੌਂਸਲ ਨੇ ਪੰਜਾਬ ਵਿੱਚ ਵਧ ਰਹੇ ਸਿੱਖਿਆ ਦੇ ਨਿਘਾਰ, ਸਿੱਖਿਆ ਦੇ ਕੀਤੇ ਜਾ ਰਹੇ ਭਗਵਾਂਕਰਨ, ਵਧਦੀ ਬੇਰੁਜ਼ਗਾਰੀ, ਮਹਿੰਗਾਈ, ਨਸ਼ਾਖੋਰੀ ਅਤੇ ਨੌਜਵਾਨ ਵਰਗ ਵਿੱਚ ਵਿਦੇਸ਼ਾਂ ਵੱਲ ਭੱਜਣ ਦੀ ਦੌੜ ਆਦਿ ਵਿਸ਼ਿਆਂ ’ਤੇ ਚਿੰਤਾ ਪ੍ਰਗਟ ਕੀਤੀ ਹੈ। ਇੱਥੇ ਅੱਜ ਕੁਸ਼ਲ ਭੌਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹਥਿਆਉਣ ਦਾ ਸਖ਼ਤ ਨੋਟਿਸ ਲਿਆ ਗਿਆ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਦਾ ਵਿਰੋਧ ਕਰਨਗੇ ਅਤੇ ਕੇਂਦਰ ਸਰਕਾਰ ਦੇ ਮਨਸੂਬੇ ਕਿਸੇ ਵੀ ਹਾਲਾਤ ਵਿੱਚ ਸਫ਼ਲ ਨਹੀਂ ਹੋਣ ਦੇਣਗੇ। ਆਗੂਆਂ ਨੇ ਨਸ਼ਾਖੋਰੀ ਦੀ ਸਮੱਸਿਆ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਤੋਂ ਆਸ ਸੀ ਕਿ ਸਰਕਾਰ ਨਸ਼ਾਖੋਰੀ ਨੂੰ ਨੱਥ ਪਾ ਕੇ ਜਵਾਨੀ ਨੂੰ ਬਚਾਏਗੀ ਪਰ ਸਰਕਾਰ ਨੇ ਸ਼ਰਾਬ ਸਸਤੀ ਕਰ ਕੇ ਜਵਾਨੀ ਦੀ ਤਬਾਹੀ ਦਾ ਰਸਤਾ ਤਿਆਰ ਕਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਸਿੱਖਿਆ ਦੇ ਨਿਘਾਰ ਨੂੰ ਰੋਕੇ ਅਤੇ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰੇ ਤਾਂ ਜੋ ਜਵਾਨੀ ਨੂੰ ਵਿਦੇਸ਼ਾਂ ਵੱਲ ਨਾ ਭੱਜਣਾ ਪਵੇ। ਮੀਟਿੰਗ ਦੀ ਸ਼ੁਰੂਆਤ ਮੌਕੇ ਸਭ ਤੋਂ ਪਹਿਲਾਂ ਸ਼ੋਕ ਮਤਾ ਪੇਸ਼ ਕੀਤਾ ਗਿਆ ਜਦੋਂਕਿ ਸੂਬਾ ਜਨਰਲ ਸਕੱਤਰ ਰਾਜਿੰਦਰਪਾਲ ਕੌਰ ਨੇ ਰਿਪੋਰਟ ਪੇਸ਼ ਕੀਤੀ। ਇਸ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਨੇ ਆਪਣੇ-ਆਪਣੇ ਜ਼ਿਲ੍ਹੇ ਦੀ ਰਿਪੋਰਟ ਪੇਸ਼ ਕੀਤੀ। ਆਗੂਆਂ ਨੇ ਸਿੱਖਿਆ ਦੇ ਨਿਘਾਰ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇੱਕ ਤਾਂ ਸਿੱਖਿਆ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਸਿਲੇਬਸ ਵਿੱਚ ਇਸ ਢੰਗ ਨਾਲ ਤਬਦੀਲੀ ਕੀਤੀ ਜਾ ਰਹੀ ਹੈ ਕਿ ਬੱਚੇ ਸਾਡੇ ਪੜ੍ਹੇ-ਲਿਖੇ ਅਣਪੜ੍ਹ ਬਣ ਜਾਣ।
ਇਸ ਮੌਕੇ ਸੂਬਾ ਸਰਪ੍ਰਸਤ ਨਰਿੰਦਰਪਾਲ ਕੌਰ ਪਾਲੀ ਨੇ ਵਧ ਰਹੀਆਂ ਗੈਂਗਵਾਰ ਘਟਨਾਵਾਂ ਅਤੇ ਵਿਗੜ ਰਹੀ ਅਮਨ ਕਾਨੂੰਨ ਦੀ ਹਾਲਤ ਉੱਤੇ ਚਿੰਤਾ ਪ੍ਰਗਟ ਕੀਤੀ। ਸੀਨੀਅਰ ਮੀਤ ਪ੍ਰਧਾਨ ਰਵਿੰਦਰਜੀਤ ਕੌਰ ਪਟਿਆਲਾ ਨੇ ਵੀ ਇਨ੍ਹਾਂ ਸਾਰੀਆਂ ਸਮੱਸਿਆਵਾਂ ਉੱਤੇ ਵਿਚਾਰ ਪੇਸ਼ ਕੀਤੇ।