ਗਗਨਦੀਪ ਅਰੋੜਾ
ਲੁਧਿਆਣਾ, 21 ਜੂਨ
ਸਨਅਤੀ ਸਹਿਰ ’ਚ ਮੰਗਲਵਾਰ ਨੂੰ ਪਨਬਸ ਤੇ ਪੀਆਰਟੀਸੀ ਦੇ ਕੱਚੇ ਕਰਮੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ਼ 2 ਘੰਟੇ ਹੜਤਾਲ ਕਰ ਧਰਨਾ ਦਿੱਤਾ। ਧਰਨਾ ਦੇਣ ਵਾਲੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਨੇ ਇਸ ਦੌਰਾਨ ਬੱਸ ਅੱਡੇ ਨੂੰ ਬੰਦ ਕਰ ਦਿੱਤਾ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ।
ਇਸ ਮੌਕੇ ’ਤੇ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਸਮੇਂ ’ਤੇ ਤਨਖਾਹ ਨਹੀਂ ਮਿਲ ਰਹੀ। ਇਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪੁਰਾਣੀ ਰਵਾਇਤੀ ਪਾਰਟੀਆਂ ਦੇ ਰਾਹ ’ਤੇ ਚੱਲ ਰਹੀ ਹੈ। ਸਰਕਾਰੀ ਮੁਲਾਜ਼ਮਾਂ ਨੂੰ ਆਪਣਾ ਕੰਮ ਛੱਡ ਕੇ ਧਰਨਾ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਯੂਨੀਅਨ ਦੇ ਸੀਨਅੀਰ ਉਪ ਪ੍ਰਧਾਨ ਲੁਧਿਆਣਾ ਡਿੱਪੂ ਤੋਂ ਸੁਖਦੇਵ ਸਿੰਘ ਨੇ ਕਿਹਾ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਇਸ ਲਈ ਧਰਨਾ ਲਾਉਂਦਾ ਪੈਂਦਾ ਸੀ ਕਿ ਸਰਕਾਰ ਉਨ੍ਹਾਂ ਨੂੰ ਪੱਕਿਆਂ ਕਰੇ, ਪਰ ਹੁਣ ਧਰਨਾ ਇਸ ਲਈ ਲਾਉਣਾ ਪੈ ਰਿਹਾ ਹੈ ਕਿ ਸਰਕਾਰ ਉਨ੍ਹਾਂ ਦੀ ਤਨਖਾਹ ਸਮੇਂ ’ਤੇ ਦੇਵੇ। ਤਨਖਾਹ ਸਮੇਂ ’ਤੇ ਨਾ ਆਉਣ ਨਾਲ ਪਰਿਵਾਰ ਦੀ ਆਰਥਿਕ ਹਾਲਤ ਬੁਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਬੱਸਾਂ ’ਚ ਤੇਲ ਤੱਕ ਭਰਵਾਉਣ ਲਈ ਪੈਸੇ ਨਹੀਂ ਹਨ। ਬੱਸਾਂ ’ਚ ਸਪੇਅਰ ਪਾਰਟਸ ਬਦਲਣ ਵਾਲੇ ਹਨ, ਪਰ ਪੈਸੇ ਦੀ ਕਮੀ ਹੈ। ਬੱਸਾਂ ਕੰਡਮ ਹੋ ਰਹੀਆਂ ਹਨ, ਸ਼ੀਸ਼ਾ ਤੱਕ ਪਵਾਉਣ ਲਈ ਵਿਭਾਗ ਕੋਲ ਪੈਸੇ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਔਰਤਾਂ ਦਾ ਸਫ਼ਰ ਮੁਫ਼ਤ ਹੈ, ਜੇਕਰ ਸਰਕਾਰ 300 ਕਰੋੜ ਰੁਪਏ ਦੇਵੇ ਤਾਂ ਸਿਸਟਮ ਸਹੀ ਹੋ ਸਕੇਗਾ। ਸੁਖਦੇਵ ਸਿੰਘ ਨੇ ਕਿਹਾ ਕਿ ਲੁਧਿਆਣਾ ਡਿੱਪੂ ਨੂੰ ਮਹੀਨੇ ਦਾ 10 ਲੱਖ ਰੁਪਏ ਸਰਕਾਰ ਵੱਲੋਂ ਆਉਂਦੇ ਹਨ, ਜਿਸ ’ਚੋਂ 7 ਲੱਖ ਦਾ ਤੇਲ ਲੱਗ ਜਾਂਦਾ ਹੈ। 3 ਲੱਖ ’ਚ ਕਿਵੇਂ ਗੁਜ਼ਾਰਾ ਹੋ ਸਕੇਗਾ। ਸੁਖਦੇਵ ਨੇ ਕਿਹਾ ਕਿ ਉਹ 2007 ਤੋਂ ਭਰਤੀ ਹੈ ਪਰ ਹਾਲੇ ਤੱਕ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ। 2 ਘੰਟੇ ਦੀ ਹੜਤਾਲ ਦੇ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਸਾਹਮਣਾ ਕਰਨਾ ਪਿਆ। ਧਰਨੇ ’ਤੇ ਬੈਠੇ ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੇ 2 ਮਹੀਨੇ ਦੀ ਤਨਖਾਹ ਜਾਰੀ ਨਾ ਕੀਤੀ ਤਾਂ 23 ਜੂਨ ਤੋਂ ਪੱਕਾ ਧਰਨਾ ਲਾਇਆ ਜਾਵੇਗਾ। ਇਸ ਮੌਕੇ ’ਤੇ ਯੂਨੀਅਨ ਦੇ ਮੁਲਾਜ਼ਮ ਮੌਜੂਦ ਸਨ।