ਰਾਮ ਗੋਪਾਲ ਰਾਏਕੋਟੀ
ਰਾਏਕੋਟ, 6 ਜੂਨ
ਰਾਏਕੋਟ ਦੇ ਪੁਲੀਸ ਮੁਲਾਜ਼ਮਾਂ ਦੀਆਂ ਵਧੀਕੀਆਂ ਵਿਰੁੱਧ ਸੀਟੂ ਨਾਲ ਸਬੰਧਤ ਸਥਾਨਕ ਫਲ-ਸਬਜ਼ੀਆਂ ਦੀਆਂ ਰੇਹੜੀਆਂ ਲਾਉਣ ਵਾਲਿਆਂ ਨੇ ਮਲੇਰਕੋਟਲਾ ਰੋਡ ’ਤੇ ਡੀਐੱਸਪੀ ਦਫ਼ਤਰ ਨੇੜੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਪੁਲੀਸ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ।
ਪੰਜਾਬ ਸੀਟੂ ਦੇ ਸੂਬਾਈ ਆਗੂ ਦਲਜੀਤ ਕੁਮਾਰ ਗੋਰਾ ਤੇ ਪ੍ਰਿਤਪਾਲ ਸਿੰਘ ਬਿੱਟਾ ਨੇ ਪੁਲੀਸ ਮੁਲਾਜ਼ਮਾਂ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੁਲੀਸ ਵਾਲੇ ਰੇਹੜੀਆਂ ਵਾਲਿਆਂ ਦੇ ਫਲ ਅਤੇ ਸਬਜ਼ੀਆਂ ਚੁੱਕ ਕੇ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੌਕਡਾਊਨ ਕਾਰਨ ਪਹਿਲਾਂ ਹੀ ਉਨ੍ਹਾਂ ਦਾ ਗੁਜ਼ਾਰਾ ਔਖਾ ਹੋ ਰਿਹਾ ਹੈ। ਮਹਿੰਗੇ ਭਾਅ ਫਲ ਤੇ ਸਬਜ਼ੀਆਂ ਮੰਡੀ ਤੋਂ ਮਿਲਦੀਆਂ ਹਨ, ਜਿਨ੍ਹਾਂ ਨੂੰ ਵੇਚਣ ਲਈ ਉਹ ਗਲੀਆਂ ਤੇ ਮੁਹੱਲਿਆਂ ਵਿੱਚ ਸਿਖਰ ਦੁਪਹਿਰ ਵੀ ਫਿਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਉਨ੍ਹਾਂ ਲਈ ਘਰ ਦਾ ਗੁਜ਼ਾਰਾ ਕਰਨਾ ਤੇ ਬੱਚਿਆਂ ਦੀ ਪੜ੍ਹਾਈ ਸਮੇਤ ਹੋਰ ਜ਼ਰੂਰੀ ਖਰਚੇ ਕਰਨਾ ਔਖਾ ਹੋ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼ਾਮ ਨੂੰ 5 ਵਜੇ ਲੌਕਡਾਊਨ ਸ਼ੁਰੂ ਹੋਣ ਮਗਰੋਂ ਰੇਹੜੀ ਲੈ ਕੇ ਘਰ ਪਰਤ ਰਹੇ ਯੂਨੀਅਨ ਰਾਏਕੋਟ (ਸੀਟੂ) ਦੇ ਪ੍ਰਧਾਨ ਵਿਜੇ ਕੁਮਾਰ ਨਾਲ ਤਾਲਾਬੰਦੀ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਬਦਸਲੂਕੀ ਕੀਤੀ ਗਈ। ਉਨ੍ਹਾਂ ਤਰਕ ਦਿੱਤਾ ਕਿ ਜੇਕਰ ਲੋਕ 5 ਵਜੇ ਤੱਕ ਰੇਹੜੀਆਂ ਤੋਂ ਸਬਜ਼ੀਆਂ ਖਰੀਦ ਸਕਦੇ ਹਨ ਤਾਂ ਲੌਕਡਾਊਨ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਰੇਹੜੀਆਂ ਲੈ ਕੇ ਉਹ ਕਿਵੇਂ ਮੁੜ ਸਕਦੇ ਹਨ। ਰੇਹੜੀ ਵਾਲਿਆਂ ਨੂੰ ਘਰੋਂ ਘਰੀਂ ਪੁੱਜਣ ਵਿੱਚ ਸਮਾਂ ਲੱਗਦਾ ਹੈ, ਜਿਸ ਦਾ ਫਾਇਦਾ ਉਠਾ ਕੇ ਪੁਲਸ ਮੁਲਾਜ਼ਮ ਅਕਸਰ ਹੀ ਉਨ੍ਹਾਂ ਨਾਲ ਬਦਸਲੂਕੀ ਕਰਦੇ ਹਨ ਤੇ ਕਈ ਵਾਰ ਰੇਹੜੀ ਤੇ ਪਈ ਸਬਜ਼ੀ ਜਾਂ ਫਲਾਂ ਨੂੰ ਸੁੱਟ ਵੀ ਦਿੰਦੇ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪੁਲੀਸ ਮੁਲਾਜ਼ਮਾਂ ਦੀ ਇਸ ਵਧੀਕੀ ਸਬੰਧੀ ਜਦੋਂ ਪੁਲੀਸ ਦੇ ਉੱਚ ਅਧਕਾਰੀਆਂ ਕੋਲ ਸ਼ਿਕਾਇਤ ਕੀਤੀ ਗਈ ਤਾਂ ਵੀ ਉਨ੍ਹਾਂ ਦੀ ਕੋਈ ਸੁਣਵਾਈ ਲਹੀਂ ਹੋਈ ਅਤੇ ਬਦਸਲੂਕੀ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਕਰਮਜੀਤ ਸਿੰਘ ਸੰਨੀ, ਬਿੱਲਾ ਰਾਮ, ਸਤਵਿੰਦਰ ਸਿੰਘ ਮਾੜਾ, ਮੁਹੰਮਦ ਤੋਸਿਫ ਤੇ ਬਹਾਦਰ ਸਿੰਘ ਨੂਰਪੁਰਾ ਹਾਜ਼ਰ ਸਨ।