ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਮਾਰਚ
ਲੁਧਿਆਣਾ ਦੇ ਮਾਡਲ ਟਾਊਨ ਐਕਸਟੈਨਸ਼ਨ ਇਲਾਕੇ ਦੇ ਖਾਲੀ ਪਲਾਟਾਂ ’ਚ ਬਣੇ ਕੂੜੇ ਦੇ ਡੰਪ ਨੂੰ ਹਟਾਉਣ ਲਈ ਸਮਾਜ ਸੇਵੀ ਜੱਥੇਬੰਦੀਆਂ ਨੇ ਨਿਗਮ ਦਫ਼ਤਰ ਦੇ ਬਾਹਰ ਸੋਮਵਾਰ ਧਰਨਾ ਦਿੱਤਾ। ਸਮਾਜ ਸੇਵੀ ਜਥੇਬੰਦੀਆਂ ਦਾ ਕਹਿਣਾ ਸੀ ਕਿ ਜਦੋਂ ਤੱਕ ਨਿਗਮ ਕੂੜਾ ਨੂੰ ਚੁੱਕਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਧਰਨੇ ਨੂੰ ਦੇਖਦੇ ਨਗਰ ਨਿਗਮ ਸਿਹਤ ਬ੍ਰਾਂਚ ਦੇ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਕੂੜਾ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਭਵਿੱਖ ’ਚ ਉਥੇ ਕੂੜਾ ਨਹੀਂ ਸੁੱਟਿਆ ਜਾਵੇਗਾ। ਮਾਡਲ ਟਾਊਨ ਐਕਸਟੈਨਸ਼ਨ ਇਲਾਕੇ ’ਚ ਨਗਰ ਸੁਧਾਰ ਟਰੱਸਟ ਦੀ ਖਾਲੀ ਜਗ੍ਹਾ ਪਈ ਹੈ। ਇਸ ਜਗ੍ਹਾ ਕੂੜਾ ਅਤੇ ਮਲਬਾ ਸੁੱਟਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੂੜੇ ਦੇ ਢੇਰ ਵੀ ਲੱਗੇ ਹਨ। ਆਸਪਾਸ ਦੇ ਲੋਕ ਇਸ ਤੋਂ ਕਾਫ਼ੀ ਦੁਖੀ ਹਨ। ਇੱਥੇ ਕੂੜੇ ਦੇ ਪਹਾੜ ਬਣ ਚੁੱਕੇ ਹਨ, ਜਿਸ ਕਾਰਨ ਆਸਪਾਸ ਦੇ ਲੋਕਾਂ ਲਈ ਰਹਿਣਾ ਮੁਸ਼ਕਿਲ ਹੋ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਸੀ ਕਿ ਕੂੜੇ ਦੇ ਡੰਪ ਨੂੰ ਜਲਦੀ ਤੋਂ ਜਲਦੀ ਇੱਥੋਂ ਹਟਾਇਆ ਜਾਵੇ। ਪਰ ਲੋਕਾਂ ਦੇ ਮੰਗ ’ਤੇ ਨਗਰ ਨਿਗਮ ਨੇ ਕੋਈ ਸੁਣਵਾਈ ਨਹੀਂ ਕੀਤੀ। ਜਿਸ ਤੋਂ ਬਾਅਦ ਇਸ ਮੁੱਦੇ ਨੂੰ ਲੈ ਕੇ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਐਤਵਾਰ ਨੂੰ ਸੈਲਫ਼ੀ ਪੁਆਇੰਟ ਬਣਾਇਆ ਸੀ।
ਫਿਰ ਸਮਾਜ ਸੇਵੀ ਮੈਂਬਰਾਂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਸਮਾਂ ਰਹਿੰਦੇ ਉਥੇਂ ਸਫ਼ਾਈ ਸ਼ੁਰੂ ਨਾ ਕਰਵਾਈ ਗਈ ਤਾਂ ਉਹ ਸੋਮਵਾਰ ਨੂੰ ਨਿਗਮ ਦਫ਼ਤਰ ਦੇ ਬਾਹਰ ਧਰਨਾ ਦੇਣਗੇ। ਸਮਾਜ ਸੇਵੀ ਕਪਿਲ ਅਰੋੜਾ ਨੇ ਦੱਸਿਆ ਕਿ ਧਰਨੇ ਦੌਰਾਨ ਨਿਗਮ ਸਿਹਤ ਬ੍ਰਾਂਚ ਦੇ ਨੋਡਲ ਅਫ਼ਸਰ ਵਿਪੁਲ ਮਲਹੋਤਰਾ ਮੌਕੇ ’ਤੇ ਆਏ ਸਨ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਕੂੜਾ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਅੱਗੇ ਤੋਂ ਉਥੇਂ ਕੂੜਾ ਨਹੀਂ ਸੁੱਟਿਆ ਜਾਵੇਗਾ।