ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਮਈ
ਅਦਾਲਤਾਂ ’ਚ ਲੋਕਾਂ ਨੂੰ ਇਨਸਾਫ਼ ਦਿਵਾਉਣ ਵਾਲੇ ਵਕੀਲਾਂ ਨੂੰ ਖੁਦ ਦੇ ਇਨਸਾਫ਼ ਲਈ ਪੁਲੀਸ ਕਮਿਸ਼ਨਰ ਦਫ਼ਤਰ ਬਾਹਰ ਧਰਨਾ ਲਾਉਣਾ ਪਿਆ। ਵਕੀਲਾਂ ਨੇ ਪੁਲੀਸ ਕਮਿਸ਼ਨਰ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਵਕੀਲਾਂ ਨੇ ਪੁਲੀਸ ਕਮਿਸ਼ਨਰੇਟ ’ਤੇ ਕਈ ਤਰ੍ਹਾਂ ਦੇ ਧੱਕੇਸ਼ਾਹੀ ਦੇ ਦੋਸ਼ ਲਾਏ। ਵਕੀਲਾਂ ਨੂੰ ਸਮਝਾਉਣ ਲਈ ਪੁਲੀਸ ਦੇ ਉਚ ਅਧਿਕਾਰੀ ਲੱਗੇ ਰਹੇ, ਪਰ ਵਕੀਲ ਅੜ੍ਹੇ ਰਹੇ ਕਿ ਉਨ੍ਹਾਂ ਦੀਆਂ ਜੋ ਮੰਗਾਂ ਹਨ ਉਹ ਪੂਰੀਆਂ ਕੀਤੀਆਂ ਜਾਣ। ਵਕੀਲ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਹੀ ਲੰਚ ਕਰਨ ਲੱਗੇ ਅਤੇ ਅਲਟੀਮੇਟਮ ਦਿੱਤਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਵੀਰਵਾਰ ਨੂੰ ਪੀਏਯੂ ’ਚ ਪੁੱਜਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦਾ ਘਿਰਾਓ ਕੀਤਾ ਜਾਵੇਗਾ। ਸੀਨੀਅਰ ਵਕੀਲ ਸੰਜੀਵ ਮਲਹੋਤਰਾ ਨੇ ਦੱਸਿਆ ਕਿ ਜਿਸ ਮਾਮਲੇ ’ਚ ਵਕੀਲ ਜ਼ਮਾਨਤ ਕਰਵਾਉਂਦੇ ਹਨ, ਉਸੇ ਮਾਮਲੇ ’ਚ ਕੇਸ ਦਰਜ ਕਰ ਲਿਆ ਜਾਂਦਾ ਹੈ। ਸ਼ਹਿਰ ਦੇ ਪੰਜ ਵਕੀਲਾਂ ਦੇ ਖਿਲਾਫ਼ ਕੇਸ ਦਰਜ ਕਰ ਦਿੱਤਾ ਗਿਆ। ਸੰਜੀਵ ਮਲਹੋਤਰਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਇੱਕ ਪਰਿਵਾਰਕ ਵਿਵਾਦ ਚੱਲ ਰਿਹਾ ਹੈ। ਇਸ ’ਚ ਪੰਜਾਬ ਪੁਲੀਸ ਦੇ 2 ਸੀਨੀਅਰ ਅਧਿਕਾਰੀਆਂ ਨੇ ਸਿੱਧੇ ਤੌਰ ’ਤੇ ਭ੍ਰਿਸ਼ਟਾਚਾਰ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਸੰਜੀਵ ਨੇ ਦੋਸ਼ ਲਾਇਆ ਕਿ ਦੇਰ ਰਾਤ ਪੁਲੀਸ ਕਮਿਸ਼ਨਰ ਦੇ ਘਰ ਤੋਂ ਫੋਨ ਆਇਆ ਤੇ ਉਹ ਖੁਦ ਉਨ੍ਹਾਂ ਦੀ ਪਤਨੀ ਨੂੰ ਧਮਕਾ ਰਹੇ ਹਨ ਕਿ ਉਹ ਸਵੇਰੇ ਪੁਲੀਸ ਸਾਹਮਣੇ ਪੇਸ਼ ਹੋਵੇ। ਜੇ ਕੋਈ ਅਜਿਹੀ ਗੱਲ ਹੁੰਦੀ ਹੈ ਤਾਂ ਉਨ੍ਹਾਂ ਦੀ ਪਤਨੀ ਨੂੰ ਸੰਮਨ ਭੇਜ ਕੇ ਬੁਲਾ ਸਕਦੇ ਹਨ। ਵਕੀਲਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਖਿਲਾਫ਼ ਕੇਸ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜੇ ਅਜਿਹਾ ਹੈ ਤਾਂ ਉਹ ਜਮਾਨਤ ਵੀ ਨਹੀਂ ਲੈਣਗੇ ਤੇ ਆਪਣਾ ਅੰਦੋਲਨ ਤੇਜ਼ ਕਰਨਗੇ।
ਕਮਿਸ਼ਨਰ ਵੱਲੋਂ ਮੰਗਾਂ ਮੰਨਣ ਦਾ ਭਰੋਸਾ
ਉਧਰ, ਪੁਲੀਸ ਕਮਿਸ਼ਨਰ ਡਾ. ਕੌਸਤਭ ਸ਼ਰਮਾ ਨੇ ਕਿਹਾ ਕਿ ਵਕੀਲਾਂ ਦੀਆਂ ਕੁਝ ਮੰਗਾਂ ਹਨ, ਜਿਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਵਕੀਲ ਦੀ ਪਤਨੀ ਨੂੰ ਦੇਰ ਰਾਤ ਫੋਨ ਕਰਨ ਦੇ ਮਾਮਲੇ ’ਚ ਉਨ੍ਹਾਂ ਕਿਹਾ ਕਿ ਉਹ ਵਕੀਲ ਦੀ ਪਤਨੀ ਨਹੀਂ ਹੈ। ਉਨ੍ਹਾਂ ਦਾ ਆਪਸੀ ਕੋਈ ਪਰਿਵਾਰਕ ਵਿਵਾਦ ਚੱਲ ਰਿਹਾ ਹੈ ਤੇ ਉਨ੍ਹਾਂ ’ਤੇ ਚੋਰੀ ਦਾ ਦੋਸ਼ ਲਾਇਆ ਗਿਆ ਹੈ। ਹਿਊਮਨ ਰਾਈਟ ਕਮਿਸ਼ਨ ਪੰਜਾਬ ਵੱਲੋ ਇੱਕ ਅਰਜ਼ੀ ਆਈ ਹੋਈ ਸੀ। ਜਿਸ ਦੀ ਜਾਂਚ ਲਈ ਉਨ੍ਹਾਂ ਨੂੰ ਫੋਨ ਕੀਤਾ ਗਿਆ ਸੀ। ਇਸ ’ਤੇ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਨੂੰ ਇਸੇ ਕਾਰਨ ਬੁਲਾਇਆ ਗਿਆ ਸੀ।