ਨਿੱਜੀ ਪੱਤਰ ਪ੍ਰੇਰਕ
ਖੰਨਾ, 2 ਅਪਰੈਲ
ਕੌਂਸਲ ਆਫ ਜੂਨੀਅਰ ਇੰਜਨੀਅਰ ਸਰਕਲ ਖੰਨਾ ਵੱਲੋਂ ਐਕਸੀਅਨ ਪੀ ਤੇ ਐੱਮ ਮੰਡਲ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਇੰਜਨੀਅਰ ਦਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਐਕਸੀਅਨ ਪੀ ਤੇ ਐੱਮ ਮੰਡਲ ਖੰਨਾ ਨੇ 30 ਮਾਰਚ ਨੂੰ ਆਪਣੇ ਦਫ਼ਤਰ ਦੀ ਬਿਲਡਿੰਗ ਦੇ ਲਾਊਡ ਸਪੀਕਰ ਲਗਾ ਕੇ ਜਥੇਬੰਦੀ ਨੂੰ ਮਾੜੀ ਸ਼ਬਦਾਵਲੀ ਬੋਲੀ ਸੀ, ਜਿਸ ਦਾ ਜਥੇਬੰਦੀ ਦੇ ਮੈਬਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਐਕਸੀਅਨ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਇਸ ਦੇ ਨਾਲ ਹੀ ਸਟੋਰਾਂ ’ਤੇ ਮੀਟਰਿੰਗ ਲੈਬਾਂ ਤੋਂ ਸਾਮਾਨ ਕਢਵਾਉਣ ਤੇ ਬਿਜਲੀ ਚੋਰੀ, ਕਿਸੇ ਪ੍ਰਕਾਰ ਦੀ ਚੈਕਿੰਗ ਜਾਂ ਵੈਰੀਫ਼ਿਕੇਸ਼ਨ ਆਦਿ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ। ਇਹ ਮਸਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਵੀ ਲਿਆ ਦਿੱਤਾ ਗਿਆ ਹੈ। ਇਸ ਮੌਕੇ ਇੰਜਨੀਅਰ ਜਗਰੂਪ ਸਿੰਘ, ਪਰਮਿੰਦਰ ਸਿੰਘ, ਰੁਪਿੰਦਰ ਸੁਰਜਨ, ਕਮਲਜੀਤ ਸਿਘ, ਗੁਰਦਰਸ਼ਨ ਸਿੰਘ, ਪਰਵਿੰਦਰ ਸਿੰਘ ਆਦਿ ਹਾਜ਼ਰ ਸਨ।