ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 19 ਅਗਸਤ
ਵੀਰਵਾਰ ਰਾਤ ਨੂੰ ਪਿੰਡ ਹਲਵਾਰਾ ਵਿਚ ਫੈਲੀ ਬਦਬੂ ਤੋਂ ਪ੍ਰੇਸ਼ਾਨ ਪਿੰਡ ਵਾਸੀ ਘਰਾਂ ਤੋਂ ਨਿਕਲਣ ਲਈ ਮਜਬੂਰ ਹੋ ਗਏ ਅਤੇ ਲੁਧਿਆਣਾ-ਬਠਿੰਡਾ ਰਾਜ ਮਾਰਗ ਉੱਪਰ ਆਵਾਜਾਈ ਠੱਪ ਕਰ ਦਿੱਤੀ। ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਹਲਵਾਰਾ ਨੂੰ ਰਾਜੋਆਣਾ ਖ਼ੁਰਦ ਪਿੰਡ ਨਾਲ ਜੋੜਦੀ ਲਿੰਕ ਸੜਕ ਉੱਪਰ ਸਥਿਤ ਹੱਡਾਂ-ਰੋੜੀ ਵਿਚ ਅਣਪਛਾਤੇ ਲੋਕਾਂ ਵੱਲੋਂ ਚੋਰੀ-ਛਿਪੇ ਅੱਧੀ ਦਰਜਨ ਦੇ ਕਰੀਬ ਮਰੇ ਪਸ਼ੂ ਸੁੱਟੇ ਗਏ ਸਨ। ਪਸ਼ੂਆਂ ਵਿੱਚ ਚਮੜੀ ਰੋਗ (ਲੰਪੀ ਸਕਿਨ) ਫੈਲਣ ਦੇ ਡਰੋਂ ਲੋਕ ਸਹਿਮੇ ਹੋਏ ਸਨ। ਮਾਮਲਾ ਉਸ ਸਮੇਂ ਹੋਰ ਗੰਭੀਰ ਹੋ ਗਿਆ ਜਦੋਂ ਲੁਧਿਆਣਾ ਵੱਲੋਂ ਆ ਰਹੀ ਇਕ ਕਾਰ ਨੇ ਪਿੰਡ ਦੇ ਦੋ ਵਿਅਕਤੀਆਂ ਨੂੰ ਦਰੜ ਦਿੱਤਾ।
ਕਾਰ ਦੀ ਟੱਕਰ ਵੱਜਣ ਨਾਲ ਜ਼ਖ਼ਮੀ ਹੋਏ ਮਹਿੰਗਾ ਸਿੰਘ ਅਤੇ ਟੈਹਣਾ ਸਿੰਘ ਨੂੰ ਪਿੰਡ ਵਾਸੀਆਂ ਨੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਹ ਖ਼ਤਰੇ ਤੋਂ ਬਾਹਰ ਹਨ। ਕਾਰ ਦਾ ਡਰਾਈਵਰ ਡਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਮੌਕੇ ‘ਤੇ ਪੁੱਜੀ ਸੁਧਾਰ ਪੁਲਿਸ ਨੇ ਕਾਰ ਕਬਜ਼ੇ ਵਿਚ ਲੈ ਲਈ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਹੱਡਾਂ-ਰੋੜੀ ਦੇ ਨੇੜਲੇ ਟਿੱਬੀ ਮੁਹੱਲੇ ਦੇ ਲੋਕਾਂ ਦਾ ਬਦਬੂ ਕਾਰਨ ਦਮ ਘੁੱਟਣ ਲੱਗਾ ਸੀ, ਜਿਸ ਕਾਰਨ ਸੈਂਕੜੇ ਲੋਕ ਸੜਕ ਉੱਪਰ ਨਿਕਲੇ। ਥਾਣਾ ਸੁਧਾਰ ਦੇ ਮੁਖੀ ਕਰਮਜੀਤ ਸਿੰਘ ਅਤੇ ਪੁਲਿਸ ਦੀ ਗਸ਼ਤੀ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਸਮਾਜਸੇਵੀ ਸੁਖਵਿੰਦਰ ਸਿੰਘ ਹਲਵਾਰਾ ਨੇ ਦੋਸ਼ ਲਾਇਆ ਕਿ ਐੱਸਡੀਐੱਮ ਰਾਏਕੋਟ ਗੁਰਬੀਰ ਸਿੰਘ ਕੋਹਲੀ ਨੇ ਰਾਤ ਸਮੇਂ ਫ਼ੋਨ ਹੀ ਨਹੀਂ ਚੁੱਕਿਆ। ਬਲਾਕ ਵਿਕਾਸ ਅਧਿਕਾਰੀ ਅਸ਼ੋਕ ਕੁਮਾਰ ਨੇ ਇਕ ਘੰਟੇ ਵਿਚ ਮਾਹਿਰ ਡਾਕਟਰਾਂ ਅਤੇ ਪਸ਼ੂ ਚੁੱਕਣ ਵਾਲੀ ਟੀਮ ਭੇਜਣ ਦਾ ਭਰੋਸਾ ਦਿੱਤਾ ਸੀ, ਪਰ ਬਾਅਦ ਵਿਚ ਉਨ੍ਹਾਂ ਵੀ ਫ਼ੋਨ ਚੁੱਕਣਾ ਬੰਦ ਕਰ ਦਿੱਤਾ। ਸਰਪੰਚ ਹਰਜਿੰਦਰ ਸਿੰਘ ਨਿੱਕਾ ਨੇ ਪ੍ਰਸ਼ਾਸਨ ਦੀ ਗੈਰ-ਜ਼ਿੰਮੇਵਾਰੀ ਵਾਲੀ ਭੂਮਿਕਾ ਦੀ ਨਿੰਦਾ ਕੀਤੀ ਅਤੇ ਦੱਸਿਆ ਕਿ ਪੰਚਾਇਤ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਖ਼ੁਦ ਹੀ ਹੱਡਾਂ-ਰੋੜੀ ਦੀ ਸਫ਼ਾਈ ਅਤੇ ਮਰੇ ਪਸ਼ੂਆਂ ਨੂੰ ਦਫ਼ਨਾਉਣ ਦਾ ਪ੍ਰਬੰਧ ਕੀਤਾ ਹੈ।