ਗਗਨਦੀਪ ਅਰੋੜਾ
ਲੁਧਿਆਣਾ, 28 ਅਕਤੂਬਰ
ਸਾਬਕਾ ਭਾਜਪਾ ਆਗੂ ਅਮਿਤ ਅਰੋੜਾ ਵੱਲੋਂ ਗੁਰੂ ਨਾਨਕ ਦੇਵ ਅਤੇ ਉਨ੍ਹਾਂ ਦੇ ਪਿਤਾ ਖ਼ਿਲਾਫ਼ ਅਪਸ਼ਬਦ ਬੋਲੇ ਜਾਣ ਦਾ ਮਾਮਲਾ ਅਜੇ ਠੰਢਾ ਨਹੀਂ ਸੀ ਹੋਇਆ ਕਿ ਸਥਾਨਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਪ੍ਰਧਾਨ ਅਤੇ ਹਲਕਾ ਕੇਂਦਰੀ ਤੋਂ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਪ੍ਰਿਤਪਾਲ ਸਿੰਘ ਪਾਲੀ ਨੇ ਵਾਲਮੀਕਿ ਸਮਾਜ ਖਿਲਾਫ਼ ਅਪਸ਼ਬਦ ਬੋਲ ਦਿੱਤੇ ਹਨ।
ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ’ਚ ਪ੍ਰਿਤਪਾਲ ਸਿੰਘ ਪਾਲੀ ਨੇ ਗੁਰੂ ਨਾਨਕ ਦੇਵ ਅਤੇ ਉਨ੍ਹਾਂ ਦੇ ਪਿਤਾ ਖ਼ਿਲਾਫ਼ ਅਪਸ਼ਬਦ ਬੋਲਣ ਵਾਲੇ ਖਿਲਾਫ਼ ਬਿਆਨ ਦਿੱਤਾ ਹੈ ਅਤੇ ਇਸੇ ਦੌਰਾਨ ਉਨ੍ਹਾਂ ਨੇ ਵਾਲਮੀਕਿ ਸਮਾਜ ਖ਼ਿਲਾਫ਼ ਵੀ ਅਪਸ਼ਬਦ ਬੋਲ ਦਿੱਤੇ ਹਨ। ਜਦੋਂ ਵੀਡੀਓ ਵਾਇਰਲ ਹੋਈ ਤਾਂ ਵਾਲਮੀਕਿ ਸਮਾਜ ਤੋਂ ਵਿੱਕੀ ਸਹੋਤਾ ਅਤੇ ਵਿੱਪਨ ਕਲਿਆਣ ਨੇ ਇਸ ਬਾਰੇ ਏਸੀਪੀ (ਕੇਂਦਰੀ) ਨੂੰ ਇਕ ਸ਼ਿਕਾਇਤ ਦਿੱਤੀ। ਕਾਰਵਾਈ ਨਾ ਹੁੰਦੀ ਦੇਖ ਕੇ ਵਾਲਮੀਕਿ ਭਾਈਚਾਰਾ ਸੜਕਾਂ ’ਤੇ ਉਤਰ ਆਇਆ ਅਤੇ ਉਨ੍ਹਾਂ ਨੇ ਭਾਰਤ ਨਗਰ ਚੌਕ ਦਾ ਇੱਕ ਪਾਸੇ ਧਰਨਾ ਲਗਾ ਕੇ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲੀਸ ਅਧਿਕਾਰੀਆਂ ਨਾਲ ਇਸ ਸਬੰਧੀ ਗੱਲ ਕੀਤੀ ਗਈ ਸੀ ਅਤੇ ਅਲਟੀਮੇਟਮ ਦਿੱਤਾ ਗਿਆ ਸੀ ਪਰ ਜਦੋਂ ਕਾਰਵਾਈ ਨਾ ਹੋਈ ਤਾਂ ਚੌਕ ਦਾ ਇੱਕ ਪਾਸਾ ਬੰਦ ਕਰ ਦਿੱਤਾ ਗਿਆ। ਇਸ ਦੌਰਾਨ ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਨੇ ਵਾਲਮੀਕਿ ਸਮਾਜ ਦੇ ਲੋਕਾਂ ਨੂੰ ਕੇਸ ਦਰਜ ਕਰਨ ਦਾ ਭਰੋਸਾ ਦੇ ਕੇ ਉੱਥੋਂ ਮੋਤੀ ਨਗਰ ਭੇਜਿਆ ਅਤੇ ਜਾਮ ਖੁੱਲ੍ਹਵਾਇਆ।
ਵਿੱਕੀ ਸਹੋਤਾ ਤੇ ਵਿੱਕੀ ਕਲਿ਼ਆਣ ਨੇ ਦੱਸਿਆ ਕਿ ਅਕਾਲੀ-ਬਸਪਾ ਦੇ ਉਮੀਦਵਾਰ ਪ੍ਰਿਤਪਾਲ ਸਿੰਘ ਪਾਲੀ ਸ਼ਹਿਰ ਦੇ ਇੱਕ ਮਹੱਤਵਪੂਰਨ ਧਾਰਮਿਕ ਸਥਾਨ ਦੀ ਪ੍ਰਧਾਨਗੀ ਕਰਦੇ ਹਨ। ਕੁਝ ਦਿਨ ਪਹਿਲਾਂ ਗੁਰੂ ਨਾਨਕ ਦੇਵ ਅਤੇ ਉਨ੍ਹਾਂ ਦੇ ਪਿਤਾ ਖਿਲਾਫ਼ ਅਪਸ਼ਬਦ ਬੋਲੇ ਜਾਣ ਵਾਲੇ ਖਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋਏ ਉਹ ਵਾਲਮੀਕਿ ਸਮਾਜ ਖ਼ਿਲਾਫ਼ ਵੀ ਅਪਸ਼ਬਦ ਬੋਲ ਬੈਠੇ। ਉਸ ਤੋਂ ਬਾਅਦ ਮੁਆਫ਼ੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਵਾਲਮੀਕਿ ਸਮਾਜ ਵੱਲੋਂ ਸਿਰਫ਼ ਅਤੇ ਸਿਰਫ਼ ਕੇਸ ਦਰਜ ਕਰਨ ਦੀ ਗੱਲ ਕੀਤੀ ਗਈ ਸੀ। ਉਹ ਭਾਰਤ ਨਗਰ ਚੌਕ ’ਚ ਇੱਕ ਪਾਸੇ ਬੈਠੇ ਸਨ। ਪੁਲੀਸ ਨੇ ਸੁਣਵਾਈ ਨਹੀਂ ਕੀਤੀ ਤਾਂ ਇੱਕ ਪਾਸਾ ਬੰਦ ਕਰ ਦਿੱਤਾ ਗਿਆ। ਚੌਕ ਦਾ ਇੱਕ ਪਾਸਾ ਬੰਦ ਕਰਨ ਦੀ ਸੂਚਨਾ ਮਿਲਦੇ ਹੀ ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜ ਗਏ। ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਿਰਫ਼ ਇੱਕ ਹੀ ਗੱਲ ਕਰਦੇ ਰਹੇ ਕਿ ਪ੍ਰਿਤਪਾਲ ਸਿੰਘ ਪਾਲੀ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਪੁਲੀਸ ਨੇ ਅੱਧੇ ਘੰਟੇ ਵਿਚ ਥਾਣਾ ਮੋਤੀ ਨਗਰ ’ਚ ਕੇਸ ਦਰਜ ਕਰਨ ਦੀ ਗੱਲ ਕਹੀ ਤਾਂ ਵਾਲਮੀਕਿ ਸਮਾਜ ਨੇ ਅੱਧੇ ਘੰਟੇ ਬਾਅਦ ਪੂਰਾ ਭਾਰਤ ਨਗਰ ਚੌਕ ਜਾਮ ਕਰਨ ਦਾ ਐਲਾਨ ਕਰ ਦਿੱਤਾ। ਅੱਧੇ ਘੰਟੇ ਬਾਅਦ ਜਦੋਂ ਵਾਲਮੀਕਿ ਸਮਾਜ ਦੇ ਲੋਕ ਜਾਮ ਕਰਨ ਲਈ ਪੁੱਜੇ ਅਤੇ ਸੜਕਾਂ ’ਤੇ ਲੰਬੇ ਪੈ ਗਏ। ਉਸ ਤੋਂ ਬਾਅਦ ਏਡੀਸੀਪੀ-3 ਸਮੀਰ ਵਰਮਾ ਨੇ ਥਾਣਾ ਮੋਤੀ ਨਗਰ ’ਚ ਉਨ੍ਹਾਂ ਦੇ ਬਿਆਨ ਲਿਖਵਾ ਕੇ ਕੇਸ ਦਰਜ ਕਰਵਾਉਣ ਦੀ ਗੱਲ ਕਹੀ ਤੇ ਉਸ ਤੋਂ ਬਾਅਦ ਪ੍ਰਦਰਸ਼ਨਕਾਰੀ ਸ਼ਾਂਤ ਹੋ ਗਏ।
ਅਕਾਲੀ ਆਗੂ ਖ਼ਿਲਾਫ਼ ਐੱਸਸੀ/ਐੱਸਟੀ ਐਕਟ ਤਹਿਤ ਕੇਸ ਦਰਜ
ਉੱਧਰ, ਏਡੀਸੀਪੀ-3 ਸਮੀਰ ਵਰਮਾ ਨੇ ਕਿਹਾ ਕਿ ਜੋ ਲੋਕ ਪ੍ਰਦਰਸ਼ਨ ਕਰ ਰਹੇ ਸਨ, ਉਨ੍ਹਾਂ ਨੂੰ ਥਾਣਾ ਮੋਤੀ ਨਗਰ ’ਚ ਕੇਸ ਦਰਜ ਕਰਵਾਉਣ ਲਈ ਆਖਿਆ ਗਿਆ ਹੈ। ਮਾਮਲਾ ਸਮਰਾਲਾ ਚੌਕ ਦਾ ਹੈ ਅਤੇ ਉਹ ਇਲਾਕਾ ਥਾਣਾ ਮੋਤੀ ਨਗਰ ਦਾ ਹੈ। ਪ੍ਰਦਰਸ਼ਨਕਾਰੀਆਂ ਨੂੰ ਮੋਤੀ ਨਗਰ ’ਚ ਬਿਆਨ ਦਰਜ ਕਰਵਾਉਣ ਲਈ ਆਖਿਆ ਗਿਆ ਹੈ ਤਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ। ਉਸ ਮਗਰੋਂ ਪਤਾ ਲੱਗਿਆ ਕਿ ਅਕਾਲੀ ਆਗੂ ਪਾਲੀ ਖ਼ਿਲਾਫ਼ ਥਾਣਾ ਮੋਤੀ ਨਗਰ ਵਿਚ ਹੀ ਐੱਸਸੀ/ਐੱਸਟੀ ਐਕਟ ਤਹਿਤ ਕੇਸ ਦਰਜ ਹੋ ਗਿਆ ਹੈ।
ਪ੍ਰਿਤਪਾਲ ਸਿੰਘ ਪਾਲੀ ਨੇ ਵੀਡੀਓ ਜਾਰੀ ਕਰ ਕੇ ਮੁਆਫੀ ਮੰਗੀ
ਵਾਲਮੀਕਿ ਸਮਾਜ ਵੱਲੋਂ ਪ੍ਰਿਤਪਾਲ ਸਿੰਘ ਪਾਲੀ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾਣ ਅਤੇ ਮਾਮਲਾ ਵਿਗੜਨ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਈ, ਜਿਸ ’ਚ ਪਾਲੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ। ਉਹ ਤਾਂ ਗੁਰੂ ਸਾਹਿਬ ਤੇ ਉਨ੍ਹਾਂ ਦੇ ਪਿਤਾ ਖ਼ਿਲਾਫ਼ ਅਪਸ਼ਬਦ ਬੋਲਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦਾ ਮਕਸਦ ਕਿਸੇ ਹੋਰ ਦੇ ਮਨ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਤੇ ਨਾ ਹੀ ਉਹ ਕਿਸੇ ਖ਼ਿਲਾਫ਼ ਬੋਲਣ ਦੀ ਸੋਚਦੇ ਹਨ। ਉਨ੍ਹਾਂ ਦੀ ਵੀਡੀਓ ਨੂੰ ਤਰੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਹ ਫਿਰ ਵੀ ਮੁਆਫ਼ੀ ਮੰਗਦੇ ਹਨ। ਜੇਕਰ ਕਿਸੇ ਨੂੰ ਉਨ੍ਹਾਂ ਦੇ ਬੋਲਾਂ ਨਾਲ ਠੇਸ ਪੁੱਜੀ ਹੈ।