ਨਿੱਜੀ ਪੱਤਰ ਪ੍ਰੇਰਕ
ਖੰਨਾ, 13 ਜਨਵਰੀ
ਇਥੇ ਰੇਲਵੇ ਦੇ ਨਿਰਮਾਣ ਵਿਭਾਗ ਵੱਲੋਂ ਨੇੜਲੇ ਪਿੰਡ ਹਰਬੰਸਪੁਰਾ ਵਿੱਚ ਬਣਾਇਆ ਜਾਣ ਵਾਲਾ ਅੰਡਰ ਪਾਸ ਲੋਕਾਂ ਲਈ ਸਹੂਲਤ ਦੀ ਥਾਂ ਮੁਸੀਬਤ ਬਣ ਗਿਆ ਹੈ। ਕਰੀਬ ਇਕ ਸਾਲ ਤੋਂ ਕੰਮ ਹੌਲੀ ਰਫ਼ਤਾਰ ਚੱਲਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੇ ਲੋਕਾਂ ਨੇ ਦੂਜੇ ਪਾਸੇ ਸਥਿਤ ਆਪਣੇ ਖੇਤਾਂ ਤੇ ਘਰਾਂ ਨੂੰ ਜਾਣ ਲਈ ਕਈ ਕਿਲੋਮੀਟਰ ਘੁੰਮ ਕੇ ਜਾਣਾ ਪੈਂਦਾ ਹੈ, ਕੰਮ ਠੱਪ ਪਿਆ ਹੋਣ ਕਾਰਨ ਪਿੰਡਾਂ ਦੇ ਲੋਕਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਗੁਰਿੰਦਰ ਸਿੰਘ ਕੰਬੀ ਸੰਧੂ ਅਤੇ ਪਿਸ਼ੌਰ ਸਿੰਘ ਸੰਧੂ ਨੇ ਕਿਹਾ ਕਿ ਪਿੰਡ ਹਰਬੰਸਪੁਰਾ ਵਿੱਚ ਰੇਲਵੇ ਵਿਭਾਗ ਵੱਲੋਂ ਫਾਟਕ ਦੀ ਥਾਂ ’ਤੇ ਅੰਡਰ ਪਾਸ ਬਣਾਉਣਾ ਸ਼ੁਰੂ ਕੀਤਾ ਸੀ। ਪੁਲ ਦੇ ਨਿਰਮਾਣ ਦਾ ਕੰਮ ਮਾਰਚ ਮਹੀਨੇ ਸ਼ੁਰੂ ਕੀਤਾ ਸੀ ਪਰ ਅਚਾਨਕ ਕਰੀਬ 15 ਦਿਨ ਪਹਿਲਾ ਪੁਲ ਦਾ ਕੰਮ ਰੋਕ ਦਿੱਤਾ ਗਿਆ ਹੈ। ਕੁਝ ਹੋਰ ਪਿੰਡਾਂ ਬਗਲੀ ਤੇ ਰੂਪਾ ਆਦਿ ਦੇ ਲੋਕਾਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਡੀਸ਼ਨਲ ਡਿਵੀਜ਼ਨਲ ਰੇਲਵੇ ਮੈਨੇਜਰ ਕਰਨ ਸਿੰਘ ਨੇ ਕਿਹਾ ਕਿ ਉਹ ਇਸ ਸਬੰਧੀ ਜਲਦੀ ਹੀ ਪਤਾ ਕਰਵਾਉਣਗੇ ਕਿ ਕੰਮ ਧੀਮੀ ਗਤੀ ਨਾ ਚੱਲ ਰਿਹਾ ਹੈ ਜਾਂ ਕੋਈ ਹੋਰ ਸਮੱਸਿਆ ਹੈ। ਰੇਲਵੇ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਕੰਮ ਜਲਦੀ ਸ਼ੁਰੂ ਕਰਨ ਲਈ ਕਿਹਾ ਜਾਵੇਗਾ ਤਾਂ ਜੋ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।