ਮੰਡੀ ਅਹਿਮਦਗੜ੍ਹ: ਪੁਲੀਸ ਨੇ ਇੱਥੋਂ ਦੇ ਦਲੀਜ ਰੋਡ ਇਲਾਕੇ ਵਿੱਚ ਇੱਕ ਔਰਤ ਵੱਲੋਂ ਆਪਣੇ ਘਰ ਵਿੱਚ ਦੇਹ ਵਪਾਰ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧ ਵਿੱਚ ਮੁਲਜ਼ਮਾ ਵਿਰੁੱਧ ਕੇਸ ਦਰਜ ਕਰਕੇ ਦੋ ਔਰਤਾਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦੋਂ ਕਿ ਦੋਵੇਂ ਮਹਿਲਾ ਮੁਲਜ਼ਮ ਅਹਿਮਦਗੜ੍ਹ ਦੀਆਂ ਵਸਨੀਕ ਹਨ ਮਰਦ ਮੁਲਜ਼ਮ ਪੱਕੇ ਤੌਰ ’ਤੇ ਹਰਿਯਾਰਪੁਰ (ਯੂਪੀ ) ਦਾ ਰਹਿਣ ਵਾਲਾ ਦੱਸਿਆ ਗਿਆ। ਐੱਸਐੱਸਪੀ ਮਾਲੇਰਕੋਟਲਾ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਡੀਐੱਸਪੀ ਅਹਿਮਦਗੜ੍ਹ ਹਰਵਿੰਦਰ ਸਿੰਘ ਚੀਮਾ ਦੀ ਰਹਿਨੁਮਾਈ ਵਾਲੀ ਪੁਲੀਸ ਨੂੰ ਇਸ ਸਬੰਧੀ ਗੁਪਤ ਸੂਚਨਾ ਮਿਲੀ ਸੀ। ਮਗਰੋਂ ਥਾਣਾ ਸਦਰ ਮੁਖੀ ਸੰਜੀਵ ਕਪੂਰ ਤੇ ਥਾਣਾ ਸਿਟੀ ਮੁਖੀ ਅਰਸ਼ਪ੍ਰੀਤ ਕੌਰ ਦੀ ਅਗਵਾਈ ਵਿੱਚ ਛਾਪਾ ਮਾਰਿਆ ਗਿਆ। -ਪੱਤਰ ਪ੍ਰੇਰਕ