ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 3 ਅਗਸਤ
ਇਤਰਾਜ਼ਹੀਣਤਾ ਸਰਟੀਫਿਕੇਟ ਦੇ ਨਾਂ ’ਤੇ ਪੰਜਾਬ ਵਿੱਚ ਮਿਲਖ ਕਾਰੋਬਾਰ ਨੂੰ ਤਬਾਹ ਕਰਨ ’ਤੇ ਤੁਲੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵਿਰੁੱਧ ਹੁਣ ਪ੍ਰਾਪਰਟੀ ਡੀਲਰ ਇੱਕਜੁੱਟ ਹੋਣ ਲੱਗੇ ਹਨ। ਅੱਜ ਰਾਏਕੋਟ ਵਿੱਚ ਇਕ ਸਮਾਗਮ ਦੌਰਾਨ ਤਹਿਸੀਲ ਪ੍ਰਧਾਨ ਸ਼ਾਮ ਲਾਲ ਗੋਇਲ ਦੀ ਅਗਵਾਈ ਹੇਠ ਦਸਤਖ਼ਤੀ ਮੁਹਿੰਮ ਚਲਾਈ ਗਈ ਅਤੇ ਸਰਬਸੰਮਤੀ ਨਾਲ ਪਾਸ ਕੀਤੇ ਪ੍ਰਸਤਾਵ ਵਿੱਚ ਐਲਾਨ ਕੀਤਾ ਕਿ ਭਲਕੇ ਵੀਰਵਾਰ ਨੂੰ ਰਾਏਕੋਟ ਤਹਿਸੀਲ ਦੇ ਐੱਸਡੀਐੱਮ ਗੁਰਬੀਰ ਸਿੰਘ ਕੋਹਲੀ ਦੇ ਦਫ਼ਤਰ ਬਾਹਰ ਸੰਕੇਤਕ ਧਰਨਾ ਦੇਣ ਉਪਰੰਤ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਜਾਵੇਗਾ। ਸਮਾਗਮ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ਼ ਲਾਇਆ ਕਿ ਬਦਲਾਅ ਦੇ ਨਾਂ ਹੇਠ ਪੰਜਾਬ ਦੇ ਸਾਰੇ ਕਾਰੋਬਾਰ ਤਬਾਹ ਨਾ ਕੀਤੇ ਜਾਣ। ਉਨ੍ਹਾਂ ਸਰਕਾਰ ਵੱਲੋਂ ਕਲੈਕਟਰ ਰੇਟਾਂ ਵਿਚ ਕੀਤਾ ਭਾਰੀ ਵਾਧਾ ਵਾਪਸ ਲੈਣ ਅਤੇ ਅਨ-ਅਧਿਕਾਰਤ ਕਾਲੋਨੀਆਂ ਨੂੰ ਰੋਕਣ ਲਈ ਨਿਯਮ ਸਰਲ ਕੀਤੇ ਜਾਣ ਦੀ ਵੀ ਮੰਗ ਕੀਤੀ। ਉਨ੍ਹਾਂ ਪ੍ਰਾਪਰਟੀ ਕਾਰੋਬਾਰੀਆਂ ਖ਼ਿਲਾਫ਼ ਦਰਜ ਨਜਾਇਜ਼ ਪਰਚੇ ਰੱਦ ਕਰਨ ਦੀ ਵੀ ਮੰਗ ਕੀਤੀ।