ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਮਾਰਚ
ਇਨਕਲਾਬੀ ਕੇਂਦਰ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਸਾਥੀ ਨਰਾਇਣ ਦੱਤ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਵਿਗਿਆਨਕ ਵਿਚਾਰਧਾਰਾ ਦਾ ਸੁਨੇਹਾ ਘਰ-ਘਰ ਪਹੁੰਚਾਉਣਾ ਅਤੇ ਸ਼ਹੀਦਾਂ ਦੇ ਅਧੂਰੇ ਕਾਰਜ ਉੱਤੇ ਪਹਿਰਾ ਦੇਣਾ ਸਮੇਂ ਦੀ ਬਹੁਤ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ ਚ ਮੋਦੀ-ਸ਼ਾਹ ਹਕੂਮਤ ਵੱਲੋਂ ਘੱਟ ਗਿਣਤੀਆ ਉੱਤੇ ਬੋਲੇ ਫਿਰਕੂ ਫਾਸ਼ੀ ਹੱਲੇ ਤੋਂ ਬਾਅਦ ਕਰੋਨਾ ਸੰਕਟ ਦੀ ਆੜ ਹੇਠ ਹਰ ਖੇਤਰ ਰੇਲਵੇ, ਬੈਂਕਾਂ, ਐੱਲਆਈਸੀ, ਬੀਐੱਸਐੱਨਐੱਲ, ਭਾਰਤ ਪੈਟਰੋਲੀਅਮ, ਕੋਇਲਾ ਖਾਣਾਂ ਵਰਗੇ ਜਨਤਕ ਖੇਤਰ ਅਦਾਰਿਆਂ ਦੇ ਮੂੰਹ ਅਡਾਨੀਆਂ, ਅੰਬਾਨੀਆਂ ਲਈ ਖੋਲ੍ਹ ਦਿੱਤੇ ਹਨ। ਪੰਜਾਬ ਦੀ ਜਥੇਬੰਦ ਹੋਈ ਸਾਂਝੀ ਕਿਸਾਨ ਲਹਿਰ ਵੱਲੋਂ ਸ਼ੁਰੂ ਕੀਤੇ ਆਪਣੇ ਸੰਘਰਸ਼ ਦਾ ਘੇਰਾ ਵਿਸ਼ਾਲ ਕਰਕੇ ਮੁਲਕ ਪੱਧਰਾ ਬਣਾਉਂਦਿਆਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ 109 ਦਿਨਾਂ ਤੋਂ ਦਿੱਲੀ ਨੂੰ ਚਾਰੇ ਦਿਸ਼ਾਵਾਂ ਤੋਂ ਘੇਰ ਕੇ ਮੋਦੀ ਹਕੂਮਤ ਦੀ ਨੀਂਦ ਹਰਾਮ ਕੀਤੀ ਹੋਈ ਹੈ। ਅਜਿਹੇ ਹਾਲਤਾਂ ਸਮੇਂ ਇਨਕਲਾਬੀ ਸ਼ਕਤੀਆਂ ਦਾ ਸੰਘਰਸ਼ ਕਰਦੇ ਤਬਕਿਆਂ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕਰਨਾ/ਅਗਵਾਈ ਦੇਣੀ ਸਮੇਂ ਦੀ ਹਕੀਕੀ ਲੋੜ ਹੈ। ਮੀਟਿੰਗ ਨੇ ਮਹਿਸੂਸ ਕੀਤਾ ਕਿ ਇਹ ਹਮਲਾ ਸਿਰਫ ਕਿਸਾਨਾਂ ਖਿਲ਼ਾਫ ਹੀ ਨਹੀਂ ਹੈ, ਸਗੋਂ ਇਸੇ ਹੀ ਸਮੇਂ ਮੋਦੀ ਹਕੂਮਤ ਦੇ ਕਿਰਤੀਆਂ ਦੇ ਹੱਕਾਂ ਉੱਪਰ ਵੀ ਵੱਡਾ ਹੱਲਾ ਵਿੱਢਦਿਆਂ, ਸੰਘਰਸ਼ਾਂ ਦੇ ਜ਼ੋਰ ਹਾਸਲ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ 4 ਕੋਡਾਂ ਵਿੱਚ ਤਬਦੀਲ ਕਰ ਦਿੱਤਾ ਹੈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ਼ਹੀਦਾਂ ਦੀ ਵਿਚਾਰਧਾਰਾ ਦਾ ਸੁਨੇਹਾ ਦਿੰਦਾ ਲੀਫਲੈੱਟ 20 ਹਜ਼ਾਰ ਦੀ ਗਿਣਤੀ ਵਿੱਚ ਛਪਵਾ ਕੇ ਲੋਕ ਸੱਥਾਂ ਵਿੱਚ ਵੰਡਿਆ ਜਾਵੇ, ਦਸ-ਰੋਜ਼ਾ ਮੁਹਿੰਮ ਨੂੰ ਪਿੰਡਾਂ/ਕਸਬਿਆਂ/ਸ਼ਹਿਰਾਂ ਵਿੱਚ ਪੂਰੇ ਤਨਦੇਹੀ ਅਤੇ ਇਨਕਲਾਬੀ ਜੋਸ਼ ਨਾਲ ਲਜਾਇਆ ਜਾਵੇ, 23 ਮਾਰਚ ਨੂੰ ਦਿੱਲੀ ਅਤੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ ਜਾਵੇ। ਅੱਜ ਦੀ ਇਸ ਮੀਟਿੰਗ ਵਿੱਚ ਸੂਬਾ ਕਮੇਟੀ ਮੈਂਬਰ ਮੁਖਤਿਆਰ ਪੂਹਲਾ, ਜਸਵੰਤ ਜੀਰਖ ਅਤੇ ਜਗਜੀਤ ਲਹਿਰਾ ਮੁਹੱਬਤ ਆਗੂ ਵੀ ਸ਼ਾਮਿਲ ਸਨ।