ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 10 ਫਰਵਰੀ
ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਭਗਵੰਤ ਖੂਬਾ ਨੇ ਕਿਹਾ ਕਿ ਪੰਜਾਬ ਦੇ ਲੋਕ ਵਿਧਾਨ ਸਭਾ ਚੋਣਾਂ ’ਚ ਭਾਜਪਾ ਗਠਜੋੜ ਦੀ ਸਰਕਾਰ ਬਣਾਉਣ ਅਤੇ ਉਹ ਵਾਅਦਾ ਕਰਦੇ ਹਨ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕੈਮੀਕਲ ਅਤੇ ਫਰਟੀਲਾਈਜ਼ਰ ਦੇ ਕੇਂਦਰੀ ਮੰਤਰੀ ਭਗਵੰਤ ਖੂਬਾ ਨੇ ਅੱਜ ਮਾਛੀਵਾੜਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਪੂਰਾ ਨਾ ਕਰਨ ’ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਸਿੱਧੂ ਨੇ ਕੈਪਟਨ ਨੂੰ ਸੂਬੇ ਦੀ ਖੁਸ਼ਹਾਲੀ ਲਈ ਕੰਮ ਹੀ ਨਹੀਂ ਕਰਨ ਦਿੱਤਾ। ਪੰਜਾਬ ਵਿਚ ਭਾਜਪਾ ਗਠਜੋੜ ਦੇ ਮੁੱਖ ਮੰਤਰੀ ਚਿਹਰੇ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨਤੀਜਿਆਂ ਤੋਂ ਬਾਅਦ ਬਹੁਮਤ ਆਉਣ ’ਤੇ ਵਿਧਾਇਕ ਹੀ ਇਸ ਬਾਰੇ ਫ਼ੈਸਲੇ ਕਰਨਗੇ।
ਐਡਵੋਕੇਟ ਸਿੱਧੂ ਦੇ ਹੱਕ ’ਚ ਹਿਮਾਚਲ ਦੀ ਮੰਤਰੀ ਵੱਲੋਂ ਪ੍ਰਚਾਰ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਹਿਮਾਚਲ ਪ੍ਰਦੇਸ਼ ਦੇ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਸਰਵੀਨ ਚੌਧਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਅਤੇ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਭਾਜਪਾ ਦੇ ਹੱਕ ਵਿੱਚ ਵੋਟ ਪਾਉਣ ਤਾਂ ਜੋ ਸੂਬੇ ਦੀ ਕਾਇਆ ਕਲਪ ਕੀਤੀ ਜਾ ਸਕੇ। ਹਲਕਾ ਪੱਛਮੀ ਤੋਂ ਭਾਜਪਾ ਉਮੀਦਵਾਰ ਐਡਵੋਕੇਟ ਬਿਕਰਮ ਸਿੰਘ ਸਿੱਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਸਰਵੀਨ ਚੌਧਰੀ ਨੇ ਕਿਹਾ ਕਿ ਕਰਜ਼ੇ ਦੀ ਮਾਰ ਹੇਠ ਦੱਬਿਆ ਪੰਜਾਬ ਮੁੜ ਤਰੱਕੀ ਦੀ ਰਾਹ ’ਤੇ ਆਵੇਗਾ ਅਤੇ ਪੰਜਾਬ ਵਿੱਚ ਉਦਯੋਗ ਪ੍ਰਫੁੱਲਤ ਹੋਣਗੇ। ਇਸ ਮੌਕੇ ਐਡਵੋਕੇਟ ਸਿੱਧੂ ਨੇ ਕਿਹਾ ਕਿ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਨੂੰ ਆਪਣਾ ਸਹਿਯੋਗ ਦਿਓ।