ਪੱਤਰ ਪ੍ਰੇਰਕ
ਜਗਰਾਉਂ, 25 ਅਪਰੈਲ
ਪਿਛਲੇ ਦਿਨਾਂ ਤੋਂ ਬਿਜਲੀ ਸਪਲਾਈ ਵਿੱਚ ਆ ਰਹੀ ਸਮੱਸਆ ਦੇ ਚਲਦਿਆਂ ਸਬਜ਼ੀ ਕਾਸ਼ਤਕਾਰਾਂ ਨੂੰ ਨਿਰੰਤਰ ਬਿਜਲੀ ਸਪਲਾਈ ਦੇਣ ਲਈ ਹਲਕਾ ਵਿਧਾਇਕ ਨੇ ਜ਼ਿਲ੍ਹੇ ਦੇ ਉੱਪ-ਚੀਫ ਇੰਜਨੀਅਰ ਨਾਲ ਗੱਲਬਾਤ ਕਰ ਮਸਲੇ ਦਾ ਹੱਲ ਕੀਤਾ। ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਪਾਵਰਕੌਮ ਵਿਭਾਗ ਦੇ ਉੱਚ ਅਧਿਕਾਰੀ ਅਤੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਸਬਜ਼ੀਆਂ ਬੀਜਣ ਵਾਲੇ ਮਜ਼ਦੂਰ ਕਿਸਾਨਾਂ ਨੂੰ ਅੱਤ ਦੀ ਗਰਮੀ ਕਾਰਨ ਖਰਾਬ ਹੋ ਰਹੀਆਂ ਸਬਜ਼ੀਆਂ ਨੂੰ ਪਾਣੀ ਦੀ ਲੋੜ ਜ਼ਿਆਦਾ ਪੈਂਦੀ ਹੈ। ਪਰ ਤਰਾਸਦੀ ਇਹ ਹੈ ਕਿ ਪਿਛਲੇ ਦਿਨਾਂ ਤੋਂ ਬਿਜਲੀ ਦੀ ਸਪਲਾਈ ਨਹੀਂ ਮਿਲ ਰਹੀ। ਇਸ ਸਬੰਧੀ ਪੀੜਤ ਲੋਕਾਂ ਨੇ ਪਾਵਰਕੌਮ ਦੇ ਸਥਾਨਕ ਅਧਿਕਾਰੀਆਂ ਅਤੇ ਵਿਧਾਇਕ ਮਾਣੂੰਕੇ ਨਾਲ ਰਾਬਤਾ ਕੀਤਾ। ਉਪ-ਚੀਫ ਇੰਜਨੀਅਰ (ਲੁਧਿਆਣਾ) ਨੇ ਜਾਰੀ ਹੁਕਮਾਂ ਰਾਹੀਂ ਧੋਥੜ, ਜਨੇਤਪੁਰਾ, ਸੋਢੀਵਾਲ, ਬਰਸਾਲ-2 , ਗਗੜਾ, ਮਲਸੀਹਾਂ ਭਾਈਕੇ, ਚੀਮਨਾ, ਸ਼ੇਰਪੁਰ, ਸ਼ੇਖਦੌਲਤ, ਗਾਲਬਿ, ਤੱਪੜ ਹਰਨੀਆਂ, ਪੋਨਾ, ਬੀੜ ਗਗੜਾ, ਬਜ਼ੁਰਗ, ਸੰਗਤਪੁਰਾ, ਮਦਾਰਪੁਰਾ, ਨਾਨਕਸਰ, ਨਾਨਕਸਰ-2, ਗਾਲਬਿ ਰਣ ਸਿੰਘ ਆਦਿ ਸਾਰੇ (ਦਿਹਾਤੀ) ਫੀਡਰਾਂ ਤੋਂ ਦਿਨ ਵੇਲੇ ਸਪਲਾਈ ਦਿੱਤੀ ਜਾਵੇਗੀ। ਉਨ੍ਹਾਂ ਹਦਾਇਤ ਕੀਤੀ ਕਿ ਜੇਕਰ ਹੋਰ ਵੀ ਸਬਜ਼ੀ ਕਾਸ਼ਤਕਾਰਾਂ ਨੂੰ ਬਿਜਲੀ ਸਪਲਾਈ ਸਬੰਧੀ ਸਮੱਸਿਆ ਹੈ ਤਾਂ ਉਹ ਸਬੰਧਤ ਐਕਸੀਅਨ ਜਾਂ ਐੱਸਡੀਓ ਨੂੰ ਮਿਲ ਕੇ ਜਾਣੂ ਕਰਵਾਉਣ।