ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 9 ਜੂਨ
ਮੂੰਗੀ ਦੀ ਖਰੀਦ ਨੂੰ ਲੈ ਕੇ ਇੱਥੇ ਮੰਡੀ ’ਚ ਆੜ੍ਹਤੀਆਂ, ਮੁਨੀਮਾਂ ਤੇ ਗੱਲਾ ਮਜ਼ਦੂਰਾਂ ਦੀ ਚੱਲ ਰਹੀ ਹੜਤਾਲ ਸੱਤਵੇਂ ਦਿਨ ’ਚ ਦਾਖ਼ਲ ਹੋ ਗਈ। ਧਰਨੇ ’ਚ ਬੀਕੇਯੂ ਏਕਤਾ (ਡਕੌਂਦਾ) ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਮੰਡੀ ’ਚ ਚੱਲ ਰਹੀ ਰੈਲੀ ਦੌਰਾਨ ਹਾਲਾਤ ਉਦੋਂ ਉਤੇਜਨਾ ਭਰਪੂਰ ਹੋ ਗਏ ਜਦੋਂ ਸੁਸਾਇਟੀ ਦੀ ਦੁਕਾਨ ’ਤੇ ਕੋਕਰੀ ਕਲਾਂ ਦੇ ਇਕ ਕਿਸਾਨ ਦੀ ਮੂੰਗੀ ਦੀ ਢੇਰੀ ਦੀ ਸਫ਼ਾਈ ਹੋਣ ਲੱਗੀ। ਇਸ ’ਤੇ ਧਰਨਾਕਾਰੀ ਸੁਸਾਇਟੀ ਦੀ ਦੁਕਾਨ ਅੱਗੇ ਪਹੁੰਚ ਗਏ ਅਤੇ ਘਿਰਾਓ ਕਰ ਲਿਆ।
ਮੌਕੇ ’ਤੇ ਪੁੱਜੀ ਪੁਲੀਸ ਅਤੇ ਆਗੂਆਂ ਦੀ ਸੂਝ ਬੂਝ ਸਦਕਾ ਕਿਸਾਨ ਨੇ ਸੰਘਰਸ਼ਕਾਰੀਆਂ ਦੀ ਅਪੀਲ ’ਤੇ ਆਪਣੀ ਜਿਣਸ ਵੇਚਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਰੈਲੀ ’ਚ ਸੰਘਰਸ਼ਕਾਰੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਅਤੇ ਅੰਗਰੇਜ਼ੀ ਰਾਜ ਸਮੇਂ ਆਦਿਵਾਸੀ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਖ਼ਿਲਾਫ਼ ਚੱਲੇ ਸੰਘਰਸ਼ ਦੀ ਅਗਵਾਈ ਕਰਨ ਵਾਲੇ ਨਾਇਕ ਬਿਰਸਾ ਮੁੰਡਾ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ। ਰੈਲੀ ਨੂੰ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ।