ਨਿੱਜੀ ਪੱਤਰ ਪ੍ਰੇਰਕ
ਖੰਨਾ, 23 ਜੂਨ
ਇੱਥੋਂ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰਨ ਲਈ ਪੁੱਜਣ ਵਾਲੇ ਪਰਿਵਾਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਸ਼ਮਸ਼ਾਨਘਾਟ ਦੇ ਅੰਤਿਮ ਸੰਸਕਾਰ ਕਰਨ ਵਾਲੇ ਵਿਅਕਤੀ ਤੇ ਉਸਦੇ ਪੁੱਤਰ ਨੂੰ ਮੁਰਦਿਆਂ ਦੀਆਂ ਹੱਡੀਆਂ ਤਾਂਤਰਿਕਾਂ ਨੂੰ ਵੇਚਣ ਦੇ ਦੋਸ਼ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਿਸ ਉਪਰੰਤ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ ਕਰਨ ਲਈ ਕੋਈ ਵਿਅਕਤੀ ਨਹੀਂ ਹੈ। ਐੱਸਡੀਐੱਮ ਮਨਜੀਤ ਕੌਰ ਨੇ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂੰ ਅੰਤਿਮ ਸੰਸਕਾਰ ਕਰਨ ਲਈ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਈਓ ਚਰਨਜੀਤ ਸਿੰਘ ਨੇ ਕਿਹਾ ਕਿ ਇਸ ਸ਼ਮਸ਼ਾਨਘਾਟ ਨੂੰ ਸਵਰਗਧਾਮ ਡਿਵੈਲਪਮੈਂਟ ਸੁਸਾਇਟੀ ਵੱਲੋਂ ਚਲਾਇਆ ਜਾ ਰਿਹਾ ਹੈ, ਉਨ੍ਹਾਂ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ। ਐੱਸਐੱਸਪੀ ਰਵੀ ਕੁਮਾਰ ਨੇ ਕਿਹਾ ਕਿ ਸੁਸਾਇਟੀ ਦਾ ਵਫ਼ਦ ਇਸ ਸਬੰਧੀ ਮਿਲਿਆ ਸੀ, ਜਿਸ ’ਤੇ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਜਾਂਚ ਲਈ ਹਦਾਇਤ ਕੀਤੀ ਹੈ। ਸੁਸਾਇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਜਿਹੜੇ ਲੋਕ ਪਹਿਲਾਂ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਮੌਕੇ ਕੰਮ ਕਰਦੇ ਸਨ, ਉਨ੍ਹਾਂ ਦੇ ਪਰਿਵਾਰਕ ਮੈਂਬਰ ਕੰਮ ਕਰਨ ਤੋਂ ਰੋਕ ਰਹੇ ਹਨ। ਇਸ ਸਮੱਸਿਆ ਦਾ ਜਲਦ ਹੱਲ ਕੱਢਿਆ ਜਾਵੇਗਾ।