ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਅਕਤੂਬਰ
ਆਲ ਇੰਡੀਆ ਰੇਲਵੇ ਫੈਡਰੇਸ਼ਨ ਅਤੇ ਨਾਰਦਨ ਰੇਲਵੇ ਮੈਨਜ਼ ਯੂਨੀਅਨ ਵੱਲੋਂ ਰੇਲਵੇ ਦੇ ਨਿੱਜੀਕਰਨ ਤੇ ਐੱਨਪੀਐੱਸ ਵਰਗੇ ਮੁੱਦਿਆਂ ਸਬੰਧੀ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਅੱਜ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਮੁਲਾਜ਼ਮਾਂ ਨੇ ਹੜਤਾਲ ਰਾਹੀਂ ਕੇਂਦਰ ਸਰਕਾਰ ਦੇ ਸਾਹਮਣੇ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰਨ ਦਾ ਦੀ ਅਪੀਲ ਕੀਤੀ। ਮੁਲਾਜ਼ਮਾਂ ਨੇ ਕਿਹਾ ਕਿ ਹਾਲੇ ਸਿਰਫ਼ ਇੱਕ ਦਿਨ ਲਈ ਭੁੱਖ ਹੜਤਾਲ ਕੀਤੀ ਗਈ ਹੈ ਪਰ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ ਮੁਲਾਜ਼ਮ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਸਕਦੇ ਹਨ।
ਅੱਜ ਲੁਧਿਆਣਾ ਦੀਆਂ ਚਾਰਾਂ ਬ੍ਰਾਂਚਾਂ (ਡੀਜ਼ਲ, ਇੰਜੀਨੀਅਰਿੰਗ ਬ੍ਰਾਂਚ, ਮੇਨ ਬ੍ਰਾਂਚ, ਲੋਕੋ ਬ੍ਰਾਂਚ) ਵੱਲੋਂ ਸਾਂਝੇ ਤੌਰ ’ਤੇ ਲੁਧਿਆਣਾ ਸਟੇਸ਼ਨ ਦੇ ਬਾਹਰ ਭੁੱਖ ਹੜਤਾਲ ਕੀਤੀ ਗਈ, ਜੋ ਕਿ ਸ਼ਾਮ 5 ਵਜੇ ਤੱਕ ਚੱਲੀ। ਇਸ ਭੁੱਖ ਹੜਤਾਲ ’ਚ 2 ਮਹਿਲਾ ਮੁਲਾਜ਼ਮ ਸਣੇ ਕੁੱਲ 27 ਰੇਲਵੇ ਮੁਲਾਜ਼ਮਾਂ ਨੇ ਹਿੱਸਾ ਲਿਆ। ਭੁੱਖ ਹੜਤਾਲ ਦੇ ਸਮਰਥਨ ਵਿੱਚ ਲੁਧਿਆਣਾ ਦੀਆਂ ਚਾਰਾਂ ਬ੍ਰਾਂਚਾਂ ਤੋਂ 500 ਦੇ ਕਰੀਬ ਸਾਥੀ ਮੌਜੂਦ ਰਹੇ ਤੇ ਸਰਕਾਰ ਦੀ ਨਿੱਜੀਕਰਨ ਨੀਤੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਚਾਰੇ ਬ੍ਰਾਂਚਾਂ ਦੇ ਕਨਵੀਨਰ ਘਨਸ਼ਿਆਮ ਸਿੰਘ ਨੇ ਕਿਹਾ ਕਿ ਮੁਲਾਜ਼ਮ ਕਿਸੇ ਵੀ ਤਰ੍ਹਾਂ ਦਾ ਧੱਕਾ ਨਹੀਂ ਸਹਿਣਗੇ ਅਤੇ ਰੇਲਵੇ ਦਾ ਨਿੱਜੀਕਰਨ ਨਹੀਂ ਹੋਣ ਦਿੱਤਾ ਜਾਵੇਗਾ।
ਪੁਰਾਣੀ ਪੈਨਸ਼ਨ ਬਹਾਲੀ ਲਈ ਸੰਸਦ ਦੇ ਘਿਰਾਓ ਦਾ ਐਲਾਨ
ਮੰਡਲ ਪ੍ਰਧਾਨ ਕੁਲਵਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਮੁਲਾਜ਼ਮਾਂ ਦੇ ਹਿੱਤਾਂ ਨੂੰ ਅਣਦੇਖਿਆ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰੇਲਵੇ ਦਾ ਨਿੱਜੀਕਰਨ ਰੋਕਣ ਤੇ ਪੁਰਾਣੀ ਪੈਨਸ਼ਨ ਬਹਾਲੀ ਜਥੇਬੰਦੀ ਦਾ ਮੁੱਖ ਉਦੇਸ਼ ਹੈ, ਜਿਸ ਲਈ ਸਾਰੇ ਮੁਲਾਜ਼ਮ ਇੱਕਜੁੱਟ ਹੋ ਕੇ ਸੰਘਰਸ਼ ਕਰਨਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਪੁਰਾਣੀ ਪੈਨਸ਼ਨ ਬਹਾਲੀ ਲਈ ਸੰਸਦ ਦਾ ਘਿਰਾਓ ਅਤੇ ਦੇਸ਼ ਵਿਆਪੀ ਹੜਤਾਲ ਦੀ ਯੋਜਨਾ ਵੀ ਉਲੀਕੀ ਜਾ ਰਹੀ ਹੈ। ਜਥੇਬੰਦੀ ਨੇ ਸ਼ਾਮ 5 ਵਜੇ ਘਨਸ਼ਿਆਮ ਸਿੰਘ ਤੇ ਕੁਲਵਿੰਦਰ ਸਿੰਘ ਹੜਤਾਲੀਆਂ ਨੂੰ ਜੂਸ ਪਿਆ ਕੇ ਹੜਤਾਲ ਖਤਮ ਕਰਵਾਈ। ਇਸ ਮੌਕੇ ਗੌਰਵ ਸ਼ਰਮਾ, ਰੋਹਿਤ ਯਾਦਵ, ਪ੍ਰਦੀਪ, ਯੋਗੇਸ਼ ਰਾਣਾ, ਸ਼ੁਭਮ, ਗੁਰਦੀਪ, ਅਸ਼ੋਕ ਕੁਮਾਰ, ਅੰਜਲੀ, ਅਜੇ ਕੁਮਾਰ, ਰਾਕੇਸ਼ ਕੁਮਾਰ, ਦੀਪਕ ਮੱਟੂ, ਪਰਮਿੰਦਰ, ਅਰੁਣ ਸ਼ੁਭਮਾ, ਸ਼੍ਰੀ ਪ੍ਰਕਾਸ਼, ਰਣਧੀਰ ਸਿੰਘ, ਰਾਜੇਸ਼, ਰਣਬੀਰ, ਚਰਨਜੀਤ, ਅਨੁਜ, ਰਾਕੇਸ਼ ਮੀਣਾ, ਜਗਬੀਰ ਸਿੰਘ, ਅਮਨਦੀਪ, ਮੇਘਰਾਜ ਸਣੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਮੌਜੂਦ ਸਨ।