ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 19 ਅਕਤੂਬਰ
ਨਸ਼ੇੜੀਆਂ ਦੇ ਪਸੰਦ ਆਉਣ ਵਾਲੀ ਨਵੀਂ ਦਵਾਈ ‘ਪ੍ਰੈਗਾਬਾਲਿਨ’ ਵੱਲ ਵੱਧ ਰਿਹਾ ਰੁਝਾਨ ਚਿੰਤਾ ਦਾ ਵਿਸ਼ਾ ਹੈ। ਪੰਜਾਬ ਸਮੇਤ ਪੂਰੇ ਭਾਰਤ ਵਿੱਚ ਅਫੀਮ, ਭੁੱਕੀ, ਚਰਸ, ਗਾਂਜਾ ਤੋਂ ਬਿਨਾਂ ਮੈਡੀਕਲ ਨਾਲ ਸਬੰਧਤ ਨਸ਼ਿਆਂ ਦੀ ਵਿਕਰੀ ਜੋਰਾਂ-ਸ਼ੋਰਾਂ ਨਾਲ ਹੁੰਦੀ ਰਹੀ ਹੈ । ਜਦੋਂ ਤੋਂ ਸਰਕਾਰਾਂ ਨੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕੀਤੀ ਉਦੋਂ ਤੋਂ ਨਸ਼ੇੜੀਆਂ ਨੇ ਨਵੀਂ ਦਵਾਈ ਲੱਭ ਲਈ। ਸ਼ੁਰੂਆਤੀ ਦੌਰ ਵਿੱਚ ਮੈਡਰਿਕਸ ਅਤੇ ਡੀਪੀ ਨਾਂ ਦੀ ਗੋਲੀ ਪ੍ਰਚਲਿਤ ਹੋਈ ,ਜਦੋਂ ਪ੍ਰਸ਼ਾਸਨ ਦਾ ਧਿਆਨ ਇਸ ਦਵਾਈ ਵੱਲ ਗਿਆ ਤਾਂ ਦੋਵਾਂ ’ਤੇ ਪਾਬੰਦੀ ਲਗਾ ਦਿੱਤ । ਫਿਰ ਖੰਘ ਜ਼ੁਕਾਮ ਲਈ ਵਰਤੀਆਂ ਜਾਣ ਵਾਲੀਆਂ ਪੀਣ ਵਾਲੀਆਂ ਦਵਾਈਆ ਜਿਨ੍ਹਾਂ ਵਿੱਚ ਸਭ ਤੋਂ ਵੱਧ ਚਰਚਾ ਕੋਰੈਕਸ ਦੀ ਰਹੀ ,ਇਸ ਦਾ ਵੀ ਨਸ਼ੇੜੀਆਂ ਵੱਲੋਂ ਪੂਰਾ ਸੇਵਨ ਕੀਤਾ ਗਿਆ। ਮਗਰੋਂ ਇਹ ਦਵਾਈ ਵੀ ਨਾਰਕੋਟਿਕ ਅਧੀਨ ਆ ਗਈ । ਫਿਰ ਇੱਕ ਦੌਰ ਅਜਿਹਾ ਆਇਆ ਕਿ ਚਿੱਟੇ ਨੇ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ’ਚ ਪੈਰ ਪਸਾਰ ਲਏ ਅਤੇ ਨੌਜਵਾਨੀ ਮੌਤ ਦੇ ਮੂੰਹ ਪੈਣ ਲੱਗੀ। ਹੁਣ ਨੌਜਵਾਨ 300 ਮਿਲੀਗਰਾਮ ‘ਪ੍ਰੈਗਾਬਾਲਿਨ’ ਦੀ ਵਰਤੋਂ ਕਰਦੇ ਨਜ਼ਰ ਆ ਰਹੇ ਹਨ । ਭਾਵੇਂ ਸੂਬਾ-ਸਰਕਾਰ ਦੇ ਦਫ਼ਤਰ ਜ਼ਿਲ੍ਹਾ ਮੈਜਿਸਟਰੇਟ ਵੱਲੋਂ 12 ਅਕਤੂਬਰ ਨੂੰ ਇਸ ਦਵਾਈ ’ਤੇ ਪਾਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਹਨ ਪਰ ਤ੍ਰਾਸਦੀ ਇਹ ਹੈ ਕਿ ਮਾਨਸਾ ਨੂੰ ਛੱਡ ਹੋਰ ਜ਼ਿਲ੍ਹਿਆਂ ਵਿੱਚ ਇਸ ਦਵਾਈ ਦੀ ਵਿਕਰੀ ਧੜੱਲੇ ਨਾਲ ਨਾਲ ਹੋ ਰਹੀ ਹੈ । ਇਸ ਸਬੰਧੀ ਜਦੋਂ ਉਪ-ਮੰਡਲ ਮੈਜਿਸਟਰੇਟ ਵਿਕਾਸ ਹੀਰਾ ਨਾਲ ਸੰਪਰਕ ਕਰਨ ਦੀ ਕੋਸਿਸ਼ ਕੀਤੀ ਤਾਂ ਉਹ ਦਫਤਰ ਵਿੱਚ ਨਾ ਹੋਣ ਕਾਰਨ ਗੱਲ ਨਹੀਂ ਹੋ ਸਕੀ । ਸਮਾਜ-ਸੇਵੀ ਪ੍ਰੋ.ਕਰਮ ਸਿੰਘ ਸੰਧੂ ਅਤੇ ਹਰਬੰਸ ਸਿੰਘ ਅਖਾੜਾ ਨੇ ਇਸ ਬਾਰੇ ਜਲਦੀ ਪ੍ਰਸ਼ਾਸਨ ਨਾਲ ਰਾਬਤਾ ਕਰਨ ਦੀ ਗੱਲ ਕੀਤੀ ।
ਡਾਕਟਰ ਦੀ ਪਰਚੀ ਤੋਂ ਬਿਨਾਂ ਪਾਬੰਦੀ ਵਾਲੀ ਦਵਾਈ ਵੇਚਣਾ ਕਾਨੂੰਨੀ ਅਪਰਾਧ: ਐੱਸਐੱਮਓ
ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਡਾ.ਪ੍ਰਦੀਪ ਮਹਿੰਦਰਾ ਨੇ ਕਿਹਾ ਕਿ ਡਾਕਟਰ ਦੀ ਪਰਚੀ ਤੋਂ ਬਿਨਾਂ ਪਾਬੰਦੀ ਵਾਲੀ ਦਵਾਈ ਵੇਚਣਾ ਕਨੂੰਨੀ ਅਪਰਾਧ ਹੈ । ਕਿਸੇ ਨੂੰ ਵੀ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਹੈ ।