ਖੇਤਰੀ ਪ੍ਰਤੀਨਿਧ
ਲੁਧਿਆਣਾ, 4 ਮਾਰਚ
ਵਿਸ਼ਵ ਵਿੱਚ ਆਏ ਦਿਨ ਹੁੰਦੀਆਂ ਲੜਾਈਆਂ ਅਤੇ ਰੂਸ-ਯੂਕਰੇਨ ਵਿਚਾਲੇ ਚੱਲ ਰਹੇ ਜੰਗ ਦੌਰਾਨ ਮਰਨ ਵਾਲੇ ਬੱਚਿਆਂ, ਔਰਤਾਂ, ਮਰਦਾਂ ਅਤੇ ਫੌਜੀਆਂ ਨੂੰ ਯਾਦ ਕਰਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਦੇ ਬੱਚਿਆਂ ਨੇ ਅਨੋਖੇ ਢੰਗ ਨਾਲ ਸ਼ਰਧਾਂਜਲੀਆਂ ਦਿੱਤੀਆਂ। ਵਿਦਿਆਰਥੀਆਂ ਨੇ ਮੈਸੇਂਜਰ ਆਫ ਪੀਸ ਦਾ ਚਿੰਨ੍ਹ ਬਣਾ ਕੇ ਵਿਸ਼ਵ ਸਾਂਤੀ ਦੀ ਕਾਮਨਾ ਕੀਤੀ। ਸਕੂਲ ਦੇ ਮੁਖੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਸਵੇਰ ਦੀ ਸਭਾ ਵਿੱਚ ਬੱਚਿਆਂ ਨੂੰ ਰੋਜ਼ਾਨਾ ਅਖਬਾਰਾਂ ਦੀਆਂ ਮੁੱਖ ਖਬਰਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਪਿਛਲੇ ਕੁਝ ਦਿਨਾਂ ਤੋਂ ਰੂਸ-ਯੂਕਰੇਨ ਦੇਸ਼ਾਂ ਵਿਚਾਲੇ ਚੱਲ ਰਹੇ ਯੁੱਧ ਨੂੰ ਲੈ ਕੇ ਪੂਰੇ ਵਿਸ਼ਵ ਵਿੱਚ ਦਹਿਸ਼ਤ ਫੈਲੀ ਹੋਈ ਹੈ। ਇਸ ਯੁੱਧ ਨੇ ਹੁਣ ਤੱਕ ਅਨੇਕਾਂ ਮਨੁੱਖੀ ਜਾਨਾਂ ਲੈ ਲਈਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਸਭਾ ਵਿੱਚ ਪ੍ਰਮਾਣੂ ਬੰਬਾਂ ਨਾਲ ਹੁੰਦੇ ਨੁਕਸਾਨ ਤੋਂ ਵੀ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ। ਵਿਸ਼ਵ ਵਿੱਚ ਸ਼ਾਂਤੀ ਸਥਾਪਤ ਕਰਨ ਦਾ ਸੁਨੇਹਾ ਦੇਣ ਲਈ ਅੱਜ 150 ਦੇ ਕਰੀਬ ਵਿਦਿਆਰਥੀਆਂ ਨੇ ਸ਼ਾਂਤੀ ਦਾ ਨਿਸ਼ਾਨ ਬਣਾ ਕੇ ਯੁੱਧ ਦੌਰਾਨ ਮਾਰੇ ਗਏ ਬੇਕਸੂਰ ਆਮ ਨਾਗਰਿਕਾਂ ਅਤੇ ਸ਼ਹੀਦ ਹੋਏ ਦੋਵਾਂ ਦੇਸ਼ਾਂ ਦੇ ਫੌਜੀਆਂ ਨੂੰ ਯਾਦ ਕੀਤਾ। ਇਸ ਮੌਕੇ ਦੋ ਮਿੰਟ ਦਾ ਮੌਨ ਵੀ ਧਾਰਿਆ ਗਿਆ।