ਮੰਡੀ ਅਹਿਮਦਗੜ੍ਹ: ਪੇਂਡੂ ਓਲੰਪਿਕਸ ਲਈ ਜਾਣੀਆਂ ਜਾਂਦੀਆਂ ਖੇਡਾਂ ਵਾਲੇ ਗਰੇਵਾਲ ਸਟੇਡੀਅਮ ਤੋਂ ਬਚਪਨ ਵਿੱਚ ਹਾਕੀ ਦੇ ਨੁਕਤੇ ਸਿੱਖਣ ਵਾਲੀ (ਹੁਣ ਕੈਨੇਡਾ ਰਹਿੰਦੀ) ਪਿੰਡ ਦੀ ਕੁੜੀ ਪ੍ਰਭਲੀਨ ਕੌਰ ਗਰੇਵਾਲ ਨੂੰ ਉੱਥੋਂ ਦੇ ਵਿਮੈਨ ਨੈਕਸਟਜੈਨ ਫੀਲਡ ਹਾਕੀ ਪ੍ਰੋਗਰਾਮ ਲਈ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਪ੍ਰਭਲੀਨ ਦੀ ਵੱਡੀ ਭੈਣ ਹਰਲੀਨ ਨੇ ਵੀ ਉੱਥੋਂ ਦੀ ਕੌਮੀ ਫੀਲਡ ਹਾਕੀ ਚੈਂਪੀਅਨਸ਼ਿਪ ਵਿੱਚ ਆਪਣੀ ਟੀਮ ਨੂੰ ਚਾਂਦੀ ਦਾ ਤਗ਼ਮਾ ਜਿਤਾਉਣ ਵਿੱਚ ਅਹਿਮ ਯੋਗਦਾਨ ਪਾਇਆ ਸੀ। ਗਰੇਵਾਲ ਸਪੋਰਟਸ ਐਸੋਸੀਏਸ਼ਨ ਦੇ ਸਕੱਤਰ ਬਲਵਿੰਦਰ ਸਿੰਘ ਜੱਗਾ ਨੇ ਦੱਸਿਆ ਕਿ ਕੈਨੇਡਾ ਰਹਿ ਰਹੇ ਖੇਡ ਪ੍ਰਮੋਟਰ ਸੁਖਬੀਰ ਗਰੇਵਾਲ ਦੀਆਂ ਦੋਵੇਂ ਧੀਆਂ ਨੇ ਫੀਲਡ ਹਾਕੀ ਵਿੱਚ ਪਹਿਲਕਦਮੀ ਕਰਕੇ ਪੰਜਾਬੀ ਕੁੜੀਆਂ ਦਾ ਨਾਂ ਕੈਨੇਡਾ ਦੇ ਖੇਡ ਜਗਤ ਵਿੱਚ ਰੌਸ਼ਨ ਕਰਨ ਤੋਂ ਇਲਾਵਾ ਆਪਣੇ ਜੱਦੀ ਪਿੰਡ ਦਾ ਨਾਂ ਵੀ ਉੱਚਾ ਕੀਤਾ ਹੈ। -ਪੱਤਰ ਪ੍ਰੇਰਕ