ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਜੂਨ
ਸਨਅਤੀ ਸ਼ਹਿਰ ਦੇ ਵਾਰਡ ਨੰਬਰ-2 ਦੇ ਕਾਂਗਰਸੀ ਕੌਂਸਲਰ ਦੇ ਪਤੀ ਤੇ ਪੁੱਤ ਖ਼ਿਲਾਫ਼ ਅੱਜ ਪਾਵਰਕੌਮ ਦੇ ਮੁਲਾਜ਼ਮਾਂ ਵੱਲੋਂ ਬਿਜਲੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਬਿਜਲੀ ਮੁਲਾਜ਼ਮਾਂ ਦਾ ਦੋਸ਼ ਹੈ ਕਿ ਕੌਂਸਲਰ ਪੱਲਵੀ ਵਿਨਾਇਕ ਦੇ ਪਤੀ ਸੀਨੀਅਰ ਕਾਂਗਰਸੀ ਨੇਤਾ ਵਿੱਪਨ ਵਿਨਾਇਕ ਨੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੇ ਕੰਮ ਵਿੱਚ ਰੁਕਾਵਟ ਪਾਈ। ਐਨਾ ਹੀ ਨਹੀਂ ਆਪਣੀ ਤਾਕਤ ਦਿਖਾਉਂਦੇ ਹੋਏ ਉਨ੍ਹਾਂ ਨੇ ਪਾਵਰਕੌਮ ਮੁਲਾਜ਼ਮਾਂ ਨੂੰ ਥਾਣਾ ਬਸਤੀ ਜੋਧੇਵਾਲ ਦੀ ਪੁਲੀਸ ਹਵਾਲੇ ਕਰ ਦਿੱਤਾ ਤੇ ਫੇਸਬੁੱਕ ’ਤੇ ਲਾਈਵ ਚਲਾ ਕੇ ਉਨ੍ਹਾਂ ਨੂੰ ਬਦਨਾਮ ਕੀਤਾ। ਉਨ੍ਹਾਂ ਦੱਸਿਆ ਕਿ ਬਿਜਲੀ ਮੁਲਾਜ਼ਮ ਕਮਲਜੀਤ ਸਿੰਘ, ਰਾਮ ਅਵਧ, ਹਰਦੀਪ ਸਿੰਘ, ਬਹਾਦਰ ਸਿੰਘ ਤੇ ਦੋ ਪ੍ਰਾਈਵੇਟ ਮੁਲਾਜ਼ਮ ਆਪਣੀ ਡਿਊਟੀ ਕਰ ਰਹੇ ਸਨ। ਉਹ ਰਾਹੋਂ ਰੋਡ ਇਲਾਕੇ ’ਚ ਸਵੇਰੇ ਬੰਦ ਪਏ ਫੀਡਰ ਨੂੰ ਠੀਕ ਕਰਨ ਤੋਂ ਬਾਅਦ ਅੱਗੇ ਕੰਮ ਲਈ ਪਰਮਿਟ ਲੈ ਕੇ ਵਾਰਡ ਨੰਬਰ-2 ਦੇ ਇਲਾਕੇ ’ਚ ਬਿਜਲੀ ਠੀਕ ਕਰ ਰਹੇ ਸਨ। ਬਿਜਲੀ ਮੁਲਾਜ਼ਮਾਂ ਨੇ ਦੋਸ਼ ਲਗਾਏ ਕਿ ਇਸੇ ਦੌਰਾਨ ਕੌਂਸਲਰ ਪਤੀ ਵਿੱਪਨ ਵਿਨਾਇਕ ਤੇ ਉਨ੍ਹਾਂ ਦਾ ਲੜਕਾ ਉੱਥੇ ਪੁੱਜ ਗਏ। ਉਹ ਆਪਣੀ ਰਾਜਸੀ ਪਹੁੰਚ ਦਾ ਹਵਾਲਾ ਦੇ ਕੇ ਮੁਲਾਜ਼ਮਾਂ ਨੂੰ ਦਬਕੇ ਮਾਰਨ ਲੱਗੇ। ਇਸ ਦੌਰਾਨ ਵਿੱਪਨ ਵਿਨਾਇਕ ਨੇ ਸਰਕਾਰੀ ਕੰਮ ’ਚ ਰੁਕਾਵਟ ਪਾਈ ਤੇ ਮੁਲਾਜ਼ਮਾਂ ਨੂੰ ਧਮਕੀਆਂ ਦਿੱਤੀਆਂ। ਬਿਜਲੀ ਮੁਲਾਜ਼ਮਾਂ ਦਾ ਦੋਸ਼ ਹੈ ਕਿ ਕੌਂਸਲਰ ਦੇ ਪਤੀ ਨੇ ਆਪਣੀ ਰਾਜਸੀ ਧੌਂਸ ਦਿਖਾਉਂਦੇ ਹੋਏ ਬਿਜਲੀ ਮੁਲਾਜ਼ਮਾਂ ਨੂੰ ਥਾਣੇ ਭਿਜਵਾਇਆ ਤੇ ਸੋਸ਼ਲ ਸਾਈਟ ਫੇਸਬੁੱਕ ’ਤੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੌਂਸਲਰ ਦਾ ਪਤੀ ਤੇ ਉਨ੍ਹਾਂ ਦੇ ਲੜਕੇ ’ਤੇ ਕੇਸ ਦਰਜ ਨਹੀਂ ਕੀਤਾ ਜਾਂਦਾ, ਉਹ ਆਪਣਾ ਧਰਨਾ ਖ਼ਤਮ ਨਹੀਂ ਕਰਨਗੇ। ਉੱਧਰ, ਥਾਣਾ ਬਸਤੀ ਜੋਧੇਵਾਲ ਦੀ ਐੱਸਐੱਚਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ। ਸ਼ਿਕਾਇਤ ਆਉਣ ਤੋਂ ਬਾਅਦ ਜਾਂਚ ਕਰ ਕੇ ਕਾਰਵਾਈ ਕੀਤੀ ਜਾਵੇਗੀ।
ਕੌਂਸਲਰ ਦੇ ਪਤੀ ਨੇ ਦੋਸ਼ ਨਕਾਰੇ
ਕੌਂਸਲਰ ਦੇ ਪਤੀ ਵਿੱਪਨ ਵਿਨਾਇਕ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੋਇਆ। ਮੁਲਾਜ਼ਮਾਂ ਨੂੰ ਕੋਈ ਗ਼ਲਤ ਫਹਿਮੀ ਹੋ ਗਈ ਸੀ ਜਿਸ ਕਾਰਨ ਵਿਵਾਦ ਖੜ੍ਹਾ ਹੋ ਗਿਆ ਸੀ। ਬਿਜਲੀ ਅਧਿਕਾਰੀ ਉਨ੍ਹਾਂ ਕੋਲ ਹੀ ਹਨ, ਮਾਮਲਾ ਸੁਲਝ ਗਿਆ ਹੈ।