ਜੋਗਿੰਦਰ ਸਿੰਘ ਓਬਰਾਏ
ਖੰਨਾ, 2 ਜੁਲਾਈ
ਸ਼ਹਿਰ ਵਿਚ ਪਿਛਲੇ ਕਈ ਦਿਨਾਂ ਤੋਂ ਲੱਗ ਰਹੇ ਬਿਜਲੀ ਕੱਟਾਂ ਕਾਰਨ ਲੋਕ ਖਾਸੇ ਪ੍ਰੇਸ਼ਾਨ ਹਨ। ਇਨ੍ਹਾਂ ਕੱਟਾਂ ਖਿਲਾਫ਼ ਅੱਜ ਅਕਾਲੀ ਦਲ ਵੱਲੋਂ ਸਾਬਕਾ ਨਗਰ ਕੌਂਸਲ ਪ੍ਰਧਾਨ ਇਕਬਾਲ ਸਿੰਘ ਚੰਨੀ ਅਤੇ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ਹੇਠ ਇਥੋਂ ਦੇ ਬਿਜਲੀ ਬੋਰਡ ਦੇ ਦਫ਼ਤਰ ਅੱਗੇ ਧਰਨਾ ਦਿੰਦਿਆਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਤੇ ਬਿਜਲੀ ਬੋਰਡ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਜਿੱਥੇ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ, ਉੱਥੇ ਹੁਣ ਅਤਿ ਦੀ ਗਰਮੀ ਵਿਚ ਕਿਸਾਨਾਂ ਤੇ ਆਮ ਲੋਕਾਂ ਨੂੰ ਬਿਜਲੀ ਦੇ ਕੱਟਾਂ ਲਾਲ ਪ੍ਰੇਸ਼ਾਨ ਕਰ ਰਹੀ ਹੈ।
ਸਮਰਾਲਾ (ਡੀਪੀਐੱਸ ਬਤਰਾ): ਸਮੁੱਚੇ ਪੰਜਾਬ ’ਚ ਇਸ ਵੇਲੇ ਝੋਨੇ ਦੇ ਸੀਜ਼ਨ ’ਚ ਪਾਵਰਕੌਮ ਵਲੋਂ ਲਗਾਤਾਰ ਲਗਾਏ ਜਾ ਰਹੇ ਬਿਜਲੀ ਦੇ ਕੱਟਾਂ ਖ਼ਿਲਾਫ਼ ਅੱਜ ਅਕਾਲੀ ਦਲ ਵਲੋਂ ਬਿਜਲੀ ਦਫ਼ਤਰਾਂ ਤੇ ਬਿਜਲੀ ਗਰਿੱਡ ਬਾਹਰ ਧਰਨਾ ਲਗਾ ਕੇ ਆਪਣਾ ਰੋਸ ਜ਼ਾਹਰ ਕੀਤਾ ਗਿਆ। ਸਮਰਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ’ਚ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਘੁਲਾਲ ਗਰਿੱਡ ਬਾਹਰ ਧਰਨਾ ਲਗਾ ਕੇ ਪਾਵਰਕੌਮ ਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਕਾਂਗਰਸ ਨੇ ਪੰਜਾਬ ਨੂੰ ਤਬਾਹ ਕੀਤਾ: ਸ਼ਰਨਜੀਤ ਸਿੰਘ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਬਿਜਲੀ ਦੀ ਮਾੜੀ ਸਪਲਾਈ ਵਿਰੁੱਧ ਸਾਬਕਾ ਮੰਤਰੀ ਤੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਵਲੋਂ ਸਾਹਨੇਵਾਲ ਬਿਜਲੀ ਦਫ਼ਤਰ ਬਾਹਰ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕਰ ਕੇ ਕਾਂਗਰਸ ਪਾਰਟੀ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ’ਚ ਲੋਕ ਅਤਿ ਦੀ ਗਰਮੀ ਵਿਚ ਬਿਜਲੀ ਕੱਟਾਂ ਤੋਂ ਬੇਹੱਦ ਪ੍ਰੇਸ਼ਾਨ ਹਨ। ਢਿੱਲੋਂ ਨੇ ਅੱਗੇ ਕਿਹਾ ਕਿ ਕਾਂਗਰਸ ਨੇ ਸੱਤਾ ਵਿਚ ਆ ਕੇ ਸਿਰਫ਼ ਪੰਜਾਬ ਨੂੰ ਤਬਾਹ ਕਰ ਲੋਕਾਂ ਦੀ ਲੁੱਟ-ਖਸੁੱਟ ਹੀ ਕੀਤੀ ਹੈ ਤੇ ਉਨ੍ਹਾਂ ਦੇ ਭਲੇ ਲਈ ਕੁਝ ਨਹੀਂ ਸੋਚਿਆ।