ਗਗਨਦੀਪ ਅਰੋੜਾ
ਲੁਧਿਆਣਾ, 22 ਫਰਵਰੀ
ਪੰਜਾਬ ਵਿਧਾਨ ਸਭਾ ਚੋਣਾਂ ’ਚ ਲੱਖਾਂ ਰੁਪਏ ਖਰਚ ਕਰਨ ਵਾਲੇ ਉਮੀਦਵਾਰਾਂ ਨੇ ਸਸਤਾ ਪ੍ਰਚਾਰ ਕਰਨ ਦਾ ਵੀ ਰਾਹ ਨਹੀਂ ਛੱਡਿਆ। ਸਸਤਾ ਪ੍ਰਚਾਰ ਕਰਨ ਲਈ ਉਮੀਦਵਾਰਾਂ ਨੇ ਸ਼ਹਿਰ ’ਚ ਸਰਕਾਰੀ ਜਾਇਦਾਦ ਦੇ ਨਾਲ- ਨਾਲ ਲੋਕਾਂ ਦੇ ਘਰਾਂ ਦੇ ਬਾਹਰ ਪੋਸਟਰ ਚਿਪਕਾ ਦਿੱਤੇ ਤਾਂ ਕਿ ਲੋਕ ਵੋਟ ਉਨ੍ਹਾਂ ਦੇ ਹੱਕ ’ਚ ਪਾ ਸਕਣ। ਹੁਣ ਚੋਣਾਂ ਖਤਮ ਹੋਣ ਮਗਰੋਂ ਸ਼ਹਿਰ ’ਚ ਪ੍ਰਚਾਰ ਕਰਨ ਵਾਲੇ ਆਗੂਆਂ ਦੇ ਬੋਰਡ ਤਾਂ ਉੱਤਰ ਗਏ, ਪਰ ਲੋਕਾਂ ਦੀਆਂ ਕੰਧਾਂ ਤੋਂ ਪੋਸਟਰ ਹਾਲੇ ਤੱਕ ਨਹੀਂ ਉਤਰੇ, ਜਿਸ ਨਾਲ ਲੋਕਾਂ ਦੇ ਦਿਲਾਂ ’ਚ ਕਾਫ਼ੀ ਗੁੱਸਾ ਹੈ। ਲੋਕ ਇਸ ਲਈ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕਰ ਚੁੱਕੇ ਹਨ। ਕਈ ਲੋਕਾਂ ਦਾ ਨਵਾਂ ਕਰਵਾਇਆ ਰੰਗ ਖਰਾਬ ਹੋ ਗਿਆ ਤੇ ਕਈਆਂ ਦੀਆਂ ਪੂਰੀਆਂ ਕੰਧਾਂ ਖਰਾਬ ਹੋ ਗਈਆਂ। ਉਹ ਕਾਰਵਾਈ ਦੀ ਮੰਗ ਕਰ ਰਹੇ ਹਨ। ਜਾਣਕਾਰੀ ਮੁਤਾਬਿਕ ਕਈ ਲੋਕਾਂ ਨੇ ਪੋਸਟਰ ਹਟਵਾਉਣ ਲਈ ਪ੍ਰਸ਼ਾਸਨ ਨੂੰ ਸ਼ਿਕਾਇਤ ਵੀ ਕੀਤੀ ਸੀ, ਪਰ ਉਸ ਦੇ ਬਾਵਜੂਦ ਵੀ ਸਿਆਸੀ ਨੇਤਾਵਾਂ ਦੇ ਸਮਰਥਕ ਨਹੀਂ ਹਟੇ। ਹੁਣ ਚੋਣਾਂ ਖਤਮ ਹੋਣ ਮਗਰੋਂ ਵੱਡੇ-ਵੱਡੇ ਬੋਰਡ ਤਾਂ ਉੱਤਰ ਗਏ, ਪਰ ਸ਼ਹਿਰ ’ਚ ਲੱਗੇ ਪੋਸਟਰ ਉਵੇਂ ਹੀ ਸਮਾਰਟ ਸਿਟੀ ਦੀ ਸੁੰਦਰਤਾ ਨੂੰ ਖਰਾਬ ਕਰ ਰਹੇ ਹਨ। ਸ਼ਹਿਰਵਾਸੀਆਂ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਕੇ ਇਤਰਾਜ਼ ਜਤਾਇਆ ਹੈ। ਸਭ ਤੋਂ ਪਹਿਲਾਂ ਸੇਵਾ ਮੁਕਤ ਏਡੀਸੀਪੀ ਸਤੀਸ਼ ਮਲਹੋਤਰਾ ਨੇ ਇਤਰਾਜ਼ ਜ਼ਾਹਰ ਕੀਤਾ ਸੀ ਅਤੇ ਚੋਣ ਕਮਿਸ਼ਨ ਕੋਲ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਗੱਲ ਕਹੀ ਸੀ। ਹਰਬੰਸਪੁਰਾ ਵਾਸੀ ਗੋਲਡਨ ਨੇ ਦੱਸਿਆ ਕਿ ਬਿਨਾਂ ਆਗਿਆ ਦੇ ਪੋਸਟਰ ਤਾਂ ਲਾ ਦਿੱਤੇ, ਪਰ ਹੁਣ ਉਤਰ ਨਹੀਂ ਰਹੇ ਹਨ। ਜੇਕਰ ਉਹ ਉਤਾਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਰੰਗ ਖਰਾਬ ਹੋ ਰਿਹਾ ਹੈ। ਸ਼ਿਮਲਾਪੁਰੀ ਵਾਸੀ ਕਰਨ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਘਰ ਨੂੰ ਰੰਗ ਕਰਵਾਇਆ ਸੀ, ਪਰ ਆਗੂਆਂ ਨੇ ਬਿਨਾਂ ਆਗਿਆ ਪੋਸਟਰ ਲਾ ਦਿੱਤੇ। ਹੁਣ ਪੋਸਟਰ ਉਤਾਰਨ ਲੱਗੇ ਰੰਗ ਖਰਾਬ ਹੋ ਰਿਹਾ ਹੈ। ਉਨ੍ਹਾਂ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਵੀ ਕਰ ਦਿੱਤੀ ਹੈ।