ਸੰਤੋਖ ਗਿੱਲ
ਗੁਰੂਸਰ ਸੁਧਾਰ, 19 ਨਵੰਬਰ
ਜੋਧਾਂ ਵਾਸੀ ਅੰਮ੍ਰਿਤਧਾਰੀ ਕਿਸਾਨ ਅਵਤਾਰ ਸਿੰਘ ਨੂੰ ਉਸ ਦੇ ਪੁੱਤਰਾਂ ਸਾਹਮਣੇ ਨਿਰਵਸਤਰ ਕਰਨ, ਲੱਖਾਂ ਰੁਪਏ ਰਿਸ਼ਵਤ ਲੈਣ ਸਮੇਤ ਕੁੱਟਮਾਰ ਅਤੇ ਕਕਾਰਾਂ ਦੀ ਬੇਅਦਬੀ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਥਾਣਾ ਜੋਧਾਂ ਦੇ ਐੱਸ.ਐੱਚ.ਓ ਬਿਕਰਮਜੀਤ ਸਿੰਘ ਘੁੰਮਣ ਨੂੰ ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਮੁਖੀ ਚਰਨਜੀਤ ਸਿੰਘ ਸੋਹਲ ਨੇ ਅੱਜ ਲਾਈਨ ਹਾਜ਼ਰ ਕਰ ਕੇ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ। ਜਬਰ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਵੱਡੀ ਗਿਣਤੀ ਲੋਕਾਂ ਦੀ ਹਾਜ਼ਰੀ ਵਿਚ ਐੱਸ.ਐੱਚ.ਓ ਬਿਕਰਮਜੀਤ ਸਿੰਘ ਘੁੰਮਣ ਵੱਲੋਂ ਵਿਚੋਲਿਆਂ ਰਾਹੀਂ ਵਾਪਸ ਕੀਤੇ ਰਿਸ਼ਵਤ ਦੇ ਲਏ ਇੱਕ ਲੱਖ ਸੱਤਰ ਹਜ਼ਾਰ ਰੁਪਏ ਕੱਪੜਾ ਵਿਛਾ ਕੇ ਥਾਣੇ ਸਾਹਮਣੇ ਰੱਖ ਕੇ ਪ੍ਰਦਰਸ਼ਨ ਕੀਤਾ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਇਸ ਮੌਕੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਪੁੱਜੇ ਥਾਣਾ ਦਾਖਾ ਦੇ ਐੱਸ.ਐੱਚ.ਓ ਇੰਸਪੈਕਟਰ ਪ੍ਰੇਮ ਸਿੰਘ ਭੰਗੂ ਨੇ ਧਰਨਾਕਾਰੀਆਂ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਅਤੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਥਾਣਾ ਮੁਖੀ ਵਿਰੁੱਧ ਹੁਣ ਤੱਕ ਕੀਤੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਜੋਧਾਂ ਪੰਚਾਇਤ ਵੱਲੋਂ ਅਵਤਾਰ ਸਿੰਘ ਵਿਰੁੱਧ ਸ਼ਾਮਲਾਟ ਜ਼ਮੀਨ ਉੱਪਰ ਕਬਜ਼ਾ ਕਰਨ ਬਾਰੇ ਇਕ ਸ਼ਿਕਾਇਤ ਦੇ ਮਾਮਲੇ ਵਿਚ ਪਹਿਲਾਂ ਕੁੱਟਮਾਰ, ਨਿਰਵਸਤਰ ਕਰਨ ਅਤੇ ਰਿਸ਼ਵਤ ਲੈਣ ਤੋਂ ਬਾਅਦ ਵਿਚ ਕੇਸ ਦਰਜ ਕਰਨ ਪਿੱਛੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਸੀ। ਬੁਲਾਰਿਆਂ ਨੇ ਰਿਸ਼ਵਤ ਦੇ ਵਾਪਸ ਕੀਤੇ ਪੈਸਿਆਂ ਦੇ ਮਾਮਲੇ ਵਿਚ ਵੀ ਕਾਰਵਾਈ ਕਰਨ, ਇਲਾਕੇ ਵਿਚ ਸ਼ਰੇਆਮ ਚਲਦੇ ਗ਼ੈਰਕਾਨੂੰਨੀ ਧੰਦੇ ਬੰਦ ਕਰਨ ਦੀ ਮੰਗ ਕੀਤੀ। ਮੌਕੇ ’ਤੇ ਮੌਜੂਦ ਪੀੜਤ ਕਿਸਾਨ ਅਵਤਾਰ ਸਿੰਘ ਨੇ ਵੀ ਪੈਸੇ ਘਰ ਆ ਕੇ ਮੋੜ ਦੇਣ ਦੀ ਪੁਸ਼ਟੀ ਕੀਤੀ। ਧਰਨਾਕਾਰੀਆਂ ਨੂੰ ਭੱਠਾ ਮਜ਼ਦੂਰ ਯੂਨੀਅਨ ਦੇ ਆਗੂ ਪ੍ਰਕਾਸ਼ ਸਿੰਘ ਹਿੱਸੋਵਾਲ, ਕਾਮਾਗਾਟਾ ਮਾਰੂ ਯਾਦਗਾਰ ਕਮੇਟੀ ਦੇ ਆਗੂ ਉਜਾਗਰ ਸਿੰਘ ਬੱਦੋਵਾਲ, ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ, ਮਨਰੇਗਾ ਮਜ਼ਦੂਰ ਯੂਨੀਅਨ ਦੇ ਪ੍ਰਕਾਸ਼ ਸਿੰਘ ਬਰ੍ਹਮੀ, ਹਰਬੰਸ ਸਿੰਘ ਬਹੁਜਨ ਮੁਕਤੀ ਪਾਰਟੀ, ਦਵਿੰਦਰ ਸਿੰਘ ਮਨੀਲਾ ਯੂਥ ਆਗੂ, ਬਰਿੰਦਰ ਸਿੰਘ ਜੋਧਾਂ, ਜਨਵਾਦੀ ਨੌਜਵਾਨ ਸਭਾ ਦੇ ਬਲਦੇਵ ਸਿੰਘ ਪਮਾਲ, ਚਰਨਜੀਤ ਸਿੰਘ ਹਿਮਾਂਯੂਪੁਰ ਅਤੇ ਸ਼ਿੰਦਰ ਸਿੰਘ ਜਵੱਦੀ, ਗਾਇਕ ਪ੍ਰਿੰਸਦੀਪ ਜੋਧਾਂ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।