ਗਗਨਦੀਪ ਅਰੋੜਾ/ਗੁਰਿੰਦਰ ਸਿੰਘ
ਲੁਧਿਆਣਾ, 27 ਅਪਰੈਲ
ਥਾਣਾ ਟਿੱਬਾ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਜੰਗਲੀ ਜਾਨਵਰਾਂ ਦੀਆਂ ਖੱਲਾਂ ਦੀ ਤਸਕਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਿਕ ਵਣ ਰੇਂਜ ਅਫਸਰ ਸ਼ਮਿੰਦਰ ਸਿੰਘ ਦੀ ਸ਼ਿਕਾਇਤ ’ਤੇ ਟੀਮ ਨੇ ਜਦੋਂ ਸੰਜੀਵ ਕੁਮਾਰ ਵਾਸੀ ਪ੍ਰੇਮ ਵਿਹਾਰ ਟਿੱਬਾ ਰੋਡ ਦੇ ਘਰ ਵਿੱਚ ਛਾਪਾ ਮਾਰਿਆ ਤਾਂ ਉਥੋਂ ਤੇਂਦੂਏ ਦੀਆਂ ਤਿੰਨ ਖੱਲਾਂ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਖੱਲਾਂ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਿਤ ਪੁਲੀਸ ਨੇ ਇਸ ਦੀ ਸੂਚਨਾ ਦਿੱਲੀ ’ਚ ਵਿਭਾਗ ਦੀ ਟੀਮ ਨੂੰ ਵੀ ਦਿੱਤੀ ਗਈ, ਜਿਸ ਮਗਰੋਂ ਨਵੀਂ ਦਿੱਲੀ ਤੋਂ ਵਾਈਲਡ ਲਾਈਫ਼ ਕੰਟਰੋਲ ਬਿਊਰੋ ਦੀ ਟੀਮ ਸ਼ਹਿਰ ਆਈ ਤੇ ਮੁਲਜ਼ਮ ਤੋਂ ਪੁੱਛ-ਪੜਤਾਲ ਕੀਤੀ। ਪੁਲੀਸ ਕਮਿਸ਼ਨਰ ਕੌਸਤਬ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੂੰ ਜੰਗਲਾਤ ਵਿਭਾਗ ਦੀ ਟੀਮ ਦੇ ਅਧਿਕਾਰੀ ਸ਼ਮਿੰਦਰ ਸਿੰਘ ਤੋਂ ਸ਼ਿਕਾਇਤ ਮਿਲੀ ਸੀ ਕਿ ਮੁਲਜ਼ਮ ਸੰਜੀਵ ਜਾਨਵਰਾਂ ਦੀ ਖੱਲ੍ਹ ਤਸਕਰੀ ਕਰਨ ਦਾ ਗੈਰ-ਕਾਨੂੰਨੀ ਧੰਦਾ ਕਰਦਾ ਹੈ। ਉਹ ਜੰਮੂ ਕਸ਼ਮੀਰ ਦੀਆਂ ਵੱਖ-ਵੱਖ ਥਾਵਾਂ ਤੋਂ ਤੇਂਦੂਏ ਦੀ ਖੱਲ੍ਹ ਸ਼ਹਿਰ ’ਚ ਲਿਆ ਕੇ ਅੱਗੇ ਸਪਲਾਈ ਕਰਦਾ ਹੈ। ਮੁਲਜ਼ਮ ਕੋਲ ਇਸ ਸਮੇਂ ਵੀ ਤੇਂਦੂਏ ਦੀ ਖੱਲ ਹੈ । ਉਸ ਦੇ ਘਰ ਛਾਪਾ ਮਾਰ ਕੇ ਖੱਲ ਬਰਾਮਦ ਕੀਤੀ ਜਾ ਸਕਦੀ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਸੂਚਨਾ ਤੋਂ ਬਾਅਦ ਸਬ- ਇੰਸਪੈਕਟਰ ਬਲਦੇਵ ਸਿੰਘ ਦੇ ਨਾਲ ਜੰਗਲਾਤ ਵਿਭਾਗ ਦੇ ਸ਼ਮਿੰਦਰ ਸਿੰਘ, ਪ੍ਰਗਟ ਸਿੰਘ, ਗੁਰਿੰਦਰ ਸਿੰਘ, ਅਨੂਬਾਲਾ ਤੇ ਪ੍ਰਦੀਪ ਕੁਮਾਰ ਇੰਸਪੈਕਟਰ (ਵਾਈਲਡ ਲਾਈਫ਼ ਕੰਟਰੋਲ ਬਿਊਰੋ ਨਵੀਂ ਦਿੱਲੀ) ਦੀ ਟੀਮ ਨੇ ਮੁਲਜ਼ਮ ਦੇ ਘਰ ਛਾਪਾ ਮਾਰ ਕੇ ਉਸ ਨੂੰ ਕਾਬੂ ਕਰ ਲਿਆ। ਇਸ ਮਗਰੋਂ ਪੁਲੀਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਤਲਾਸ਼ੀ ਦੌਰਾਨ ਤੇਂਦੂਏ ਦੀਆਂ ਤਿੰਨ ਖੱਲਾਂ ਬਰਾਮਦ ਕਰ ਕੀਤੀਆਂ। ਐੱਸਆਈ ਬਲਦੇਵ ਰਾਜ ਨੇ ਦੱਸਿਆ ਕਿ ਮੁੱਢਲੀ ਪੁੱਛ-ਪੜਤਾਲ ਵਿੱਚ ਪਤਾ ਲੱਗਿਆ ਕਿ ਮੁਲਜ਼ਮ ਸੰਜੀਵ ਕਾਫ਼ੀ ਸਮੇਂ ਤੋਂ ਜਾਨਵਰਾਂ ਦੀ ਖੱਲ੍ਹ ਵੇਚਣ ਦਾ ਕੰਮ ਕਰਦਾ ਹੈ। ਉਹ ਜੰਮੂ ਕਸ਼ਮੀਰ ਦੇ ਇੱਕ ਵੱਡੇ ਤਸਕਰ ਤੋਂ ਖੱਲਾਂ ਲਿਆ ਕੇ ਪੰਜਾਬ ਤੋਂ ਇਲਾਵਾ ਹੋਰਨਾਂ ਰਾਜ ਖੱਲਾਂ ਦੀ ਤਸਕਰੀ ਕਰਦਾ ਹੈ। ਪੁਲੀਸ ਮੁਤਾਬਿਕ ਮੁਲਜ਼ਮ ਦਾ ਅੱਜ ਅਦਾਲਤ ’ਚ ਪੇਸ਼ ਕਰ ਪੁਲੀਸ ਰਿਮਾਂਡ ਹਾਸਲ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।