ਗਗਨਦੀਪ ਅਰੋੜਾ
ਲੁਧਿਆਣਾ, 8 ਅਕਤੂਬਰ
ਕਿਰਾਏਦਾਰਾਂ ਦੀ ਪੁਲੀਸ ਵੈਰੀਫਿਕੇਸ਼ਨ ਨਾ ਕਰਵਾਉਣ ਵਾਲੇ ਮਕਾਨ ਮਾਲਕਾਂ ਲਈ ਹੁਣ ਲੁਧਿਆਣਾ ਪੁਲੀਸ ਨੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਚਿਤਾਵਨੀ ਦਿੱਤੀ ਹੈ ਕਿ ਆਪਣੀ ਇਸ ਗਲਤੀ ਲਈ ਉਨ੍ਹਾਂ ਨੂੰ ਲੰਬੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਮਿਸ਼ਨਰੇਟ ਪੁਲੀਸ ਨੇ 7 ਅਜਿਹੇ ਮਕਾਨ ਮਾਲਕਾਂ ਦੇ ਖਿਲ਼ਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਨੇ ਆਪਣੇ ਕਿਰਾਏਦਾਰਾਂ ਦੀ ਪੁਲੀਸ ਵੈਰੀਫਿਕੇਸ਼ਨ ਨਹੀਂ ਕਰਵਾਈ ਸੀ।
ਥਾਣਾ ਦੁੱਗਰੀ ਪੁਲੀਸ ਨੇ ਬੀਆਰ.ਐਸ. ਨਗਰ ਵਾਸੀ ਅਮਿ ਚੁੱਘ ਦੇ ਖਿਲ਼ਾਫ਼ ਕੇਸ ਦਰਜ ਕੀਤਾ। ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਕਾਨ ਮਾਲਕ ਨੇ ਐਸਬੀਐਸ ਨਗਰ ਇਲਾਕੇ ’ਚ ਕਮਰੇ ਬਣਾ ਕੇ ਕਿਰਾਏ ’ਤੇ ਦਿੱਤੇ ਹੋਏ ਹਨ। ਥਾਣਾ ਡੇਹਲੋਂ ਪੁਲੀਸ ਨੇ ਗਿੱਲ ਰੋਡ ਦੇ ਮੁਰਾਦਪੁਰਾ ਇਲਾਕਾ ਵਾਸੀ ਬਲਵਿੰਦਰ ਸਿੰਘ ਖਿਲਾਫ਼ ਕੇਸ ਦਰਜ ਕੀਤਾ। ਏਐਸਆਈ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਬਚਿੱਤਰ ਨਗਰ ਦੀ ਗਲੀ ਨੰ. 2 ’ਚ ਮਕਾਨ ਬਣਾ ਕੇ ਕਮਰੇ ਕਿਰਾਏ ’ਤੇ ਦਿੱਤੇ ਹੋਏ ਹਨ। ਥਾਣਾ ਡੇਹਲੋਂ ਪੁਲੀਸ ਨੇ ਗਿੱਲ ਰੋਡ ਦੇ ਬਚਿੱਤਰ ਨਗਰ ਵਾਸੀ ਹਰੀਸ਼ ਕੁਮਾਰ ਖਿਲਾਫ਼ ਕੇਸ ਦਰਜ ਕੀਤਾ। ਏਐਸਆਈ ਸੁਭਾਸ਼ ਚੰਦ ਨੇ ਦੱਸਿਆ ਕਿ ਬਚਿੱਤਰ ਨਗਰ ਦੀ ਗਲੀ ਨੰ. 1 ’ਚ ਕਮਰੇ ਕਿਰਾਏ ’ਤੇ ਦਿੱਤੇ ਹੋਏ ਹਨ। ਥਾਣਾ ਸਾਹਨੇਵਾਲ ਪੁਲੀਸ ਨੇ ਭਾਂਬਰੀ ਹਸਪਤਾਲ ਦੇ ਸ਼ੈਲਿੰਦਰ ਸਿੰਘ ’ਤੇ ਕੇਸ ਦਰਜ ਕੀਤਾ। ਹਵਲਦਾਰ ਜਗਜੀਵਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਕੰਗਣਵਾਲ ’ਚ ਕਮਰੇ ਬਣਾ ਕੇ ਕਿਰਾਏ ’ਤੇ ਦਿੱਤੇ ਹੋਏ ਹਨ। ਥਾਣਾ ਡਵੀਜ਼ਨ ਨੰ. 6 ਦੀ ਪੁਲੀਸ ਨੇ ਹਰਿਗੋਬਿੰਦ ਨਗਰ ਦੀ ਗਲੀ ਨੰ. 17 ਵਾਸੀ ਰਾਮਦੀਨ ਖਿਲਾਫ਼ ਕੇਸ ਦਰਜ ਕੀਤਾ। ਏਐਸਆਈ ਲਖਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਦੇ ਇਲਾਕੇ ’ਚ ਕਿਰਾਏ ’ਤੇ ਕਮਰੇ ਦੇ ਰੱਖੇ ਹਨ। ਥਾਣਾ ਡਵੀਜ਼ਨ ਨੰ. 6 ਦੀ ਪੁਲੀਸ ਨੇ ਮਾਡਲ ਟਾਊਨ ਦੇ ਦੁੱਗਰੀ ਰੋਡ ਵਾਸੀ ਪ੍ਰੀਤਮ ਸਿੰਘ ’ਤੇ ਕੇਸ ਦਰਜ ਕੀਤਾ ਹੈ। ਏਐਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਕੋਚਰ ਕੰਪਲੈਕਸ ’ਚ ਕਿਰਾਏਦਾਰ ਰੱਖੇ ਹੋਏ ਹਨ। ਏਐਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਆਪਣੇ ਮਕਾਨ ’ਚ ਕਿਰਾਏਦਾਰ ਰੱਖੇ ਹੋਏ ਹਨ। ਇਨ੍ਹਾਂ ਸਾਰਿਆਂ ਨੇ ਬਿਨਾਂ ਪੜਤਾਲ ਕਿਰਾਏਦਾਰ ਰੱਖੇ ਹੋਏ ਸਨ।