ਨਿੱਜੀ ਪੱਤਰ ਪ੍ਰੇਰਕ
ਖੰਨਾ, 21 ਜਨਵਰੀ
ਇਥੋਂ ਦੇ ਗੁਰੂ ਨਾਨਕ ਨਗਰ ਦੇ ਵਾਰਡ ਨੰਬਰ-14 ਵਿਚ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਖਿਲਾਫ ਨਾਅਰੇਬਾਜ਼ੀ ਕਰਨ ਵਾਲੇ ਕੁਝ ਵਿਅਕਤੀਆਂ ਨੂੰ ਥਾਣੇ ਸੱਦਿਆ ਗਿਆ ਤੇ ਕੌਂਸਲਰ ਸੰਦੀਪ ਘਈ ਦੀ ਸ਼ਿਕਾਇਤ ’ਤੇ ਪੁਲੀਸ ਵੱਲੋਂ ਦਬਾਅ ਪਾ ਕੇ ਮਾਫ਼ੀ ਮੰਗਵਾਉਣ ਦੇ ਯਤਨ ਕੀਤੇ ਗਏ, ਪਰ ਥਾਣੇ ਸੱਦੇ ਲੋਕਾਂ ਦੇ ਹੱਕ ਵਿਚ ਵਾਰਡ ਨੰਬਰ-12, 14 ਅਤੇ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਪੁੱਜੇ, ਜਿਨ੍ਹਾਂ ਨੇ ਸਾਰੇ ਘਟਨਾਕ੍ਰਮ ਨੂੰ ਕਾਂਗਰਸ ਦੀ ਗੁੰਡਾਗਰਦੀ ਕਰਾਰ ਦਿੰਦਿਆਂ ਪੁਲੀਸ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਥਾਣਾ ਸਿਟੀ-2 ਦੇ ਐਸ.ਐਚ.ਓ ਵਿਨੋਦ ਕੁਮਾਰ ਤੇ ਇਲਾਕੇ ਦੇ ਲੋਕਾਂ ਵਿਚਕਾਰ ਬਹਿਸਬਾਜ਼ੀ ਵੀ ਹੋਈ। ਇਸ ਤੋਂ ਇਲਾਵਾ ਮਾਮਲਾ ਚੋਣ ਕਮਿਸ਼ਨ ਕੋਲ ਵੀ ਪੁੱਜਾ ਪਰ ਵਿਰੋਧ ਉਪਰੰਤ ਇਲਾਕੇ ਦੇ ਲੋਕਾਂ ਨੂੰ ਛੱਡ ਦਿੱਤਾ ਗਿਆ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਵਾਰਡ ਦੇ ਲੋਕਾਂ ਨੇ ਮੁਹੱਲੇ ਵਿਚ ਪਾਣੀ ਨਿਕਾਸੀ ਦੀ ਸਮੱਸਿਆ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੋਟਲੀ ਦਾ ਜ਼ੋਰਦਾਰ ਵਿਰੋਧ ਕੀਤਾ ਸੀ ਜਿਸ ਕਾਰਨ ਮੰਤਰੀ ਨੂੰ ਮੌਕੇ ਤੋਂ ਖਿਸਕਣਾ ਪਿਆ ਸੀ। ਇਸ ਸਬੰਧੀ ਕੌਂਸਲਰ ਸੰਦੀਪ ਘਈ ਨੇ ਧਮਕੀਆਂ ਦਿੰਦੇ ਹੋਏ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ, ਜਿਸ ਕਾਰਨ ਕੁਝ ਵਿਅਕਤੀਆਂ ਨੂੰ ਥਾਣੇ ਸੱਦਿਆ ਗਿਆ। ਇਸ ਮੌਕੇ ਜੋਗਿੰਦਰ ਸਿੰਘ ਜੱਗੀ ਨੇ ਕਿਹਾ ਕਿ ਪੁਲੀਸ ਨੇ ਕਾਂਗਰਸ ਦੀ ਸ਼ਹਿ ’ਤੇ ਲੋਕਾਂ ਨੂੰ ਨਿਸ਼ਾਨਾ ਬਣਾਇਆ।