ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਨਵੰਬਰ
ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਪਿਤਾ ਖ਼ਿਲਾਫ਼ ਅਪਸ਼ਬਦ ਬੋਲਣ ਵਾਲੇ ਸਾਬਕਾ ਭਾਜਪਾ ਆਗੂ ਅਨਿਲ ਅਰੋੜਾ ਦੀ ਗ੍ਰਿਫ਼ਤਾਰੀ ਦੀ ਮੰਗ ਲਈ ਸਮਰਾਲਾ ਚੌਂਕ ’ਚ ਚੱਲ ਰਹੇ ਮੋਰਚੇ ਦੇ ਆਲੇ ਦੁਆਲੇ ਅੱਜ ਪੁਲੀਸ ਨੇ ਘੇਰਾਬੰਦੀ ਕਰ ਦਿੱਤੀ ਅਤੇ ਕੁਝ ਸਮੇਂ ਬਾਅਦ ਪੁਲੀਸ ਨੇ ਖੁਦ ਹੀ ਘੇਰਾਬੰਦੀ ਹਟਾ ਲਈ। ਮੋਰਚੇ ਦੀ ਅਗਵਾਈ ਕਰਨ ਵਾਲੇ ਨਿਹੰਗ ਭਾਈ ਦਮਨਪ੍ਰੀਤ ਸਿੰਘ ਸ਼ੁੱਕਰਵਾਰ ਦੀ ਸਵੇਰੇ ਹੀ ਮੋਰਚੇ ਤੋਂ ਘਰ ਲਈ ਨਿਕਲੇ ਸਨ ਪਰ ਘਰ ਨਹੀਂ ਪੁੱਜੇ। ਇਸ ਤੋਂ ਬਾਅਦ ਮੋਰਚੇ ’ਤੇ ਸਾਰੇ ਲੋਕ ਇਕੱਠੇ ਹੋ ਗਏ। ਇਸ ਦੌਰਾਨ ਭਾਈ ਦਮਨਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਦੀ ਅਫਵਾਹ ਵੀ ਉੱਡੀ ਪਰ ਜੁਆਇੰਟ ਪੁਲੀਸ ਕਮਿਸ਼ਨਰ ਰੂਰਲ ਰਵਚਰਨ ਸਿੰਘ ਬਰਾੜ ਨੇ ਸਪੱਸ਼ਟ ਕੀਤਾ ਅਜਿਹੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਸਿੱਖ ਜੱਥੇਬੰਦੀਆਂ ਵੱਲੋਂ ਬੀਤੇ ਕੁੱਝ ਦਿਨਾਂ ਤੋਂ ਸਮਰਾਲਾ ਚੌਕ ’ਚ ਮੁਲਜ਼ਮ ਅਨਿਲ ਅਰੋੜਾ ਦੀ ਗ੍ਰਿਫ਼ਤਾਰੀ ਦੀ ਮੰਗ ਸਬੰਧੀ ਮੋਰਚਾ ਲਾਇਆ ਹੋਇਆ ਹੈ। ਦੋ ਦਿਨ ਪਹਿਲਾਂ ਭਾਈ ਦਮਨਪ੍ਰੀਤ ਸਿੰਘ ਦੀ ਅਗਵਾਈ ’ਚ ਸਮਰਾਲਾ ਚੌਕ ਬੰਦ ਵੀ ਕੀਤਾ ਗਿਆ ਸੀ।
ਮੋਰਚੇ ’ਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ: ਜੁਆਇੰਟ ਸੀਪੀ
ਜੁਆਇੰਟ ਸੀਪੀ ਰਵਚਰਨ ਸਿੰਘ ਬਰਾੜ ਨੇ ਦੱਸਿਆ ਕਿ ਸਵੇਰੇ ਪੁਲੀਸ ਲਾਅ ਐਂਡ ਆਰਡਰ ਦੇਖਣ ਲਈ ਗਈ ਸੀ। ਉਥੇ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਸਾਰੇ ਅਫ਼ਵਾਰ ਫੈਲਾਈ ਜਾ ਰਹੀ ਹੈ। ਪੁਲੀਸ ਦਾ ਜੋ ਕੰਮ ਹੈ, ਪੁਲੀਸ ਚੰਗੇ ਤਰੀਕੇ ਨਾਲ ਕਰ ਰਹੀ ਹੈ।