ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਅਪਰੈਲ
ਜਲੰਧਰ ਬਾਈਪਾਸ ਸਥਿਤ ਪਿੰਡ ਤਲਵੰਡੀ ਕਲਾਂ ’ਚ ਇੱਕ ਵਾਰ ਫਿਰ ਚਰਚਾ ’ਚ ਹੈ। ਵੀਰਵਾਰ ਨੂੰ ਉੱਥੇ ਲੁਧਿਆਣਾ ਪੁਲੀਸ ਦੇ 100 ਜਵਾਨਾਂ ਨੇ ਇਕੱਠੇ ਸਰਚ ਮੁਹਿੰਮ ਚਲਾਈ। ਪੁਲੀਸ ਨੇ ਹਰ ਘਰ ਦੀ ਤਲਾਸ਼ੀ ਲਈ, ਪਰ ਪੁਲੀਸ ਨੂੰ ਕਿਸੇ ਘਰ ’ਚੋਂ ਕੁਝ ਨਹੀਂ ਮਿਲਿਆ। ਇਹ ਉਹੀ ਪਿੰਡ ਹੈ, ਜਿੱਥੇ ਦੇਰ ਰਾਤ ਨੂੰ ਨੌਜਵਾਨ ਖੁਦ ਪਹਿਰਾ ਦਿੰਦੇ ਹਨ ਤੇ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਖੁਦ ਕਾਬੂ ਕਰਦੇ ਹਨ। ਪਿੰਡ ’ਚ ਲੱਗੇ ਨਸ਼ੇ ਦੇ ਕਲੰਕ ਨੂੰ ਧੋਣ ਲਈ ਨੌਜਵਾਨ ਖੁਦ ਪੁਲੀਸ ਦਾ ਕੰਮ ਕਰਦੇ ਹਨ। ਜਦੋਂ ਕਿਸੇ ਨੂੰ ਕਾਬੂ ਕੀਤਾ ਜਾਂਦਾ ਹੈ ਤਾਂ ਪੁਲੀਸ ਨੂੰ ਸੂਚਨਾ ਦੇ, ਉਸਨੂੰ ਪੁਲੀਸ ਹਵਾਲੇ ਕੀਤਾ ਜਾਂਦਾ ਹੈ। ਥਾਣਾ ਲਾਡੋਵਾਲ ਦੇ ਐੱਸਐੱਸਓ ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਪਿੰਡ ਤਲਵੰਡੀ ਨਸ਼ਾ ਤਸਕਰੀ ਦੇ ਮਾਮਲਿਆਂ ’ਚ ਕਾਫ਼ੀ ਮਸ਼ਹੂਰ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੇ ਹੁਕਮਾਂ ’ਤੇ ਪੂਰੇ ਪਿੰਡ ’ਚ ਸਰਚ ਮੁਹਿੰਮ ਚਲਾਈ ਗਈ ਹੈ। ਇਸੇ ਤਹਿਤ ਵੀਰਵਾਰ ਨੂੰ ਸਵੇਰੇ ਕਰੀਬ ਪੰਜ ਵਜੇ ਕਮਿਸ਼ਰੇਟ ਦੇ ਕਰੀਬ 100 ਮੁਲਾਜ਼ਮਾਂ ਨੇ ਪਿੰਡ ਦੀ ਘੇਰਾਬੰਦੀ ਕੀਤੀ ਸੀ ਅਤੇ ਉਸ ਤੋਂ ਬਾਅਦ ਟੀਮਾਂ ਬਣਾ ਕੇ ਹਰ ਘਰ ਦੀ ਤਲਾਸ਼ੀ ਲਈ। ਇਲਾਕੇ ਦੇ ਲੋਕ ਦੱਸਦੇ ਹਨ ਕਿ ਤਲਵੰਡੀ ਕਲਾਂ ਪਿੰਡ ’ਚ ਕੁਝ ਵੀ ਨਾਲ ਲੈ ਕੇ ਨਹੀਂ ਆਉਂਦਾ ਪੈਂਦਾ। ਇੱਥੇ ਸਰਿੰਜ ’ਚ ਹੈਰੋਇਨ ਭਰ ਕੇ ਦਿੱਤੀ ਜਾਂਦੀ ਹੈ। ਸਰਿੰਜ ਦਾ ਭਾਅ 300 ਤੋਂ ਲੈ ਕੇ 500 ਰੁਪਏ ਹੈ। ਇਹ ਚਲਨ ਕੁਝ ਸਮਾਂ ਪਹਿਲਾਂ ਹੀ ਸ਼ੁਰੂ ਹੋਇਆ ਹੈ। ਇਸ ਨਾਲ ਨਸ਼ੇ ਦੀ ਪੂਰੀ ਡੋਜ਼ ਸਰੀਰ ਨੂੰ ਦਿੱਤੀ ਜਾਂਦੀ ਹੈ। ਚਿੰਤਾ ਦੀ ਗੱਲ ਇਹ ਹੈ ਕਿ ਇੱਥੇ ਨਸ਼ੇ ਨਾਲ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ।