ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 4 ਅਪਰੈਲ
ਇੱਥੋਂ ਦੀ ਪੁਲੀਸ ਨੇ ਨਸ਼ਿਆਂ ਅਤੇ ਸੜਕ ਹਾਦਸਿਆਂ ਦੀ ਰੋਕਥਾਮ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੀ ਸਫਲਤਾ ਵਾਸਤੇ ਸਮਾਜ ਸੇਵੀ ਸੰਗਠਨਾਂ ਦੇ ਕਾਰਕੁਨਾਂ ਨੂੰ ਲਾਮਬੰਦ ਕਰਨ ਦਾ ਦਾਅਵਾ ਕੀਤਾ ਹੈ। ਵੱਖ-ਵੱਖ ਥਾਣਿਆਂ ਵਿੱਚ ਤਾਇਨਾਤ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਐੱਸਐੱਸਪੀ ਮਾਲੇਰਕੋਟਲਾ ਅਲਕਾ ਮੀਨਾ ਦੀ ਨਿਗਰਾਨੀ ਹੇਠ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਕਾਰਗਾਰ ਬਣਾਉਣ ਲਈ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ। ਡੀਐੱਸਪੀ ਹਰਵਿੰਦਰ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ਰੋਟਰੀ ਕਲੱਬ ਦੇ ਪ੍ਰਧਾਨ ਅਜੈ ਜੈਨ ਅਤੇ ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਡਾ. ਸੁਨੀਤ ਹਿੰਦ ਦੀ ਅਗਵਾਈ ਹੇਠ ਵਾਲੰਟੀਅਰਾਂ ਵੱਲੋਂ ਐੱਸਐੱਚਓ (ਸਿਟੀ) ਅਰਸ਼ਪ੍ਰੀਤ ਕੌਰ ਤੇ ਐੱਸਐੱਚਓ ਸਦਰ ਸੰਜੀਵ ਕਪੂਰ ਦੇ ਤਾਲਮੇਲ ਨਾਲ ਨਸ਼ਿਆਂ ਦੇ ਘਾਤਕ ਪ੍ਰਭਾਵਾਂ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਤੇ ਵਰਕਸ਼ਾਪ ਕਰਵਾਈਆਂ ਜਾ ਰਹੀਆਂ ਹਨ।