ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 13 ਅਗਸਤ
ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਚੱਲਦਿਆਂ 75ਵਾਂ ਆਜ਼ਾਦੀ ਦਿਵਸ ਮਨਾਉਣ ਲਈ ਸਰਕਾਰੀ ਸਮਾਗਮਾਂ ਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਸਮਾਗਮਾਂ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਇਸ ਦਰਮਿਆਨ ਇਸ ਖੇਤਰ ਵਿੱਚ ਲੁਧਿਆਣਾ ਅਤੇ ਮਾਲੇਰਕੋਟਲਾ ਜ਼ਿਲ੍ਹੇ ਦੀ ਪੁਲੀਸ ਦੇ ਅਧਿਕਾਰੀਆਂ ਵੱਲੋਂ ਆਪਣੇ-ਆਪਣੇ ਇਲਾਕੇ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਮੁਸਤੈਦੀ ਨਾਲ ਇੰਤਜ਼ਾਮ ਕੀਤੇ ਜਾ ਰਹੇ ਹਨ। ਸਮਾਗਮਾਂ ਵਾਲੀਆਂ ਥਾਵਾਂ, ਰੇਲਵੇ ਸਟੇਸ਼ਨ, ਬਸ ਸਟੈਂਡ, ਧਾਰਮਿਕ ਅਸਥਾਨ, ਸਰਕਾਰੀ ਦਫ਼ਤਰਾਂ ਦੀਆਂ ਇਮਾਰਤਾਂ ਤੋਂ ਇਲਾਵਾ ਮਹਾਤਮਾ ਗਾਂਧੀ ਤੇ ਸ਼ਹੀਦ ਭਗਤ ਸਿੰਘ ਦੇ ਬੁੱਤਾਂ ਤੇ ਯਾਦਗਾਰਾਂ ਦੀ ਸੁਰੱਖਿਆ ਪੁਲੀਸ ਦੀ ਮੁੱਢਲੀ ਲਿਸਟ ’ਚ ਹੈ। ਇਨ੍ਹਾਂ ਅਹਿਮ ਥਾਵਾਂ ਦੀ ਵਾਧੂ ਸੁਰੱਖਿਆ ਨੂੰ ਭਾਵੇਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੌਮੀ ਤਿਉਹਾਰਾਂ ਦੇ ਦਿਨਾਂ ਦੌਰਾਨ ਕੀਤੀ ਜਾਂਦੀ ਰੁਟੀਨ ਪ੍ਰਕਿਰਿਆ ਦੱਸਿਆ ਹੈ ਪਰ ਸੂਤਰ ਦੱਸਦੇ ਹਨ ਕਿ ਸਿੱਖਸ ਫਾਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਪੰਨੂ ਵੱਲੋਂ ਇਨ੍ਹੀਂ ਦਿਨੀਂ ਸੂਬੇ ਦੀਆਂ ਅਹਿਮ ਥਾਵਾਂ ’ਤੇ ਖਾਲਿਸਤਾਨ ਦਾ ਝੰਡਾ ਚੜ੍ਹਾਉਣ ਵਾਲਿਆਂ ਨੂੰ ਨੌਕਰੀਆਂ ਤੇ ਮੋਟੀਆਂ ਰਕਮਾਂ ਦੇਣ ਦਾ ਲਾਲਚ ਵੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਵਾਧੂ ਚਿੰਤਾ ਦਾ ਕਾਰਨ ਹੈ।
ਸਿਰਫ਼ ਦੋ ਦਿਨ ਪਹਿਲਾਂ ਲੁਧਿਆਣਾ ਜ਼ਿਲ੍ਹੇ ਦੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਵੱਲੋਂ ਚੰਡੀਗੜ੍ਹ ਸਥਿਤ ਗੁਰਪਤਵੰਤ ਪੰਨੂ ਦੀ ਕੋਠੀ ਅੱਗੇ ਕੌਮੀ ਝੰਡਾ ਚੜ੍ਹਾਏ ਜਾਣ ਕਾਰਨ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ (ਪੰਨੂ) ਮਾਲਵੇ ਦੇ ਇਸ ਖੇਤਰ ਨੂੰ ਆਪਣੇ ਗੁੱਸੇ ਦੇ ਪ੍ਰਦਰਸ਼ਨ ਲਈ ਚੁਣ ਲਵੇ। ਐੱਸਐੱਸਪੀ ਮਾਲੇਰਕੋਟਲਾ ਅਵਨੀਤ ਕੌਰ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਸਾਰੇ ਇਲਾਕਿਆਂ ਵਿੱਚ ਫਲੈਗ ਮਾਰਚ, ਨਾਕੇ ਅਤੇ ਚੈਕਿੰਗਾਂ ਮੁਸਤੈਦੀ ਨਾਲ ਕਰਵਾਈਆਂ ਜਾ ਰਹੀਆਂ ਹਨ।