ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਜਨਵਰੀ
ਸ਼ਹਿਰ ਵਿੱਚ ਚੌਥੇ ਦਿਨ ਵੀ ਮੀਂਹ ਜਾਰੀ ਰਿਹਾ। ਅੱਜ ਸਵੇਰੇ ਪੰਜ ਵਜੇ ਤੋਂ ਸ਼ੁਰੂ ਹੋ ਕੇ ਮੀਂਹ ਕਰੀਬ 9 ਵਜੇ ਤੱਕ ਰੁਕ-ਰੁਕ ਕੇ ਪੈਂਦਾ ਰਿਹਾ। ਜ਼ਿਕਰਯੋਗ ਹੈ ਕਿ ਪੋਹ ਦੇ ਮੀਂਹ ਨੇ ਠੰਢ ਵਧਾ ਦਿੱਤੀ ਹੈ ਤੇ ਸਵੇਰ ਵੇਲੇ ਤਾਪਮਾਨ 6 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ। ਮੀਂਹ ਨਾਲ ਜਿੱਥੇ ਠੰਢ ਵਿੱਚ ਵਾਧਾ ਹੋਇਆ ਹੈ, ਉਥੇ ਹੀ ਹਵਾ ਗੁਣਵੱਤਾ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਮੀਂਹ ਦੇ ਕਾਰਨ ਹਵਾ ਕਾਫ਼ੀ ਸਾਫ਼ ਹੋਈ ਹੈ। ਉਨ੍ਹਾਂ ਕਿਹਾ ਕਿ 8 ਜਨਵਰੀ ਤੱਕ ਪੰਜਾਬ ’ਚ ਮੌਸਮ ਅਜਿਹਾ ਹੀ ਰਹੇਗਾ। ਬੱਦਲ ਛਾਏ ਰਹਿਣਗੇ ਤੇ ਹਲਕਾ ਮੀਂਹ ਰੁਕ ਰੁਕ ਕੇ ਪੈਂਦਾ ਰਹੇਗਾ, ਜਿਸ ਨਾਲ ਦਿਨ ’ਚ ਠੰਢ ਵਧੇਗੀ ਤੇ ਬੱਦਲਾਂ ਕਾਰਨ ਰਾਤ ’ਚ ਤਾਪਮਾਨ ਜ਼ਿਆਦਾ ਰਹੇਗਾ। ਵਿਭਾਗ ਦੇ ਅੰਦਾਜੇ ਅਨੁਸਾਰ 9 ਜਨਵਰੀ ਤੱਕ ਪੰਜਾਬ ’ਚ ਬੱਦਲ ਛਾਏ ਰਹਿ ਸਕਦੇ ਹਨ ਅਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਮੀਂਹ ਕਾਰਨ ਜਿੱਥੇ ਮੌਸਮ ਠੰਢਾ ਹੋਇਆ ਉਥੇ ਹੀ ਹੀ ਸੜਕਾਂ ’ਤੇ ਮੀਂਹ ਦੇ ਪਾਣੀ ਤੇ ਮਿੱਟੀ ਕਾਰਨ ਚਿੱਕੜ ਵੀ ਫੈਲ ਗਿਆ। ਚੋਣਾਂ ਕਾਰਨ ਸ਼ਹਿਰ ਵਿੱਚ ਬਹੁਤੇ ਇਲਾਕਿਆਂ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ, ਉਥੇ ਮੀਂਹ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ।
ਮੀਂਹ ਤੋਂ ਬਾਅਦ ਜ਼ਿਲ੍ਹੇ ’ਚ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਹਵਾ ਕੁਆਲਟੀ ਇੰਡੈਕਸ 100 ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਮਾਹਿਰਾਂ ਅਨੁਸਾਰ 0 ਤੋਂ 50 ਤੱਕ ਏਕਿਊਆਈ ਚੰਗਾ ਹੁੰਦਾ ਹੈ, ਜਦੋਂ ਕਿ 51 ਤੋਂ 100 ਵਿੱਚ ਸੰਤੁਸ਼ਟੀਜਨਕ ਜਾਂ ਔਸਤਨ ਹੁੰਦਾ ਹੈ। ਪਿਛਲੇ ਤਿੰਨ ਮਹੀਨਿਆਂ ਤੋਂ ਕਈ ਜ਼ਿਲ੍ਹਿਆਂ ’ਚ ਹਵਾ ਗੁਣਵੱਤਾ ਦਾ ਪੱਧਰ 201 ਤੋਂ 400 ਦੇ ਵਿੱਚ ਚੱਲ ਰਿਹਾ ਸੀ, ਜੋ ਕਿ ਖਰਾਬ ਤੇ ਜ਼ਿਆਦਾ ਖਰਾਬ ਸ਼੍ਰੇਣੀ ’ਚ ਆਉਂਦਾ ਹੈ। ਇਹ ਹੁਣ ਮੀਂਹ ਤੋਂ ਬਾਅਦ ਕਾਫ਼ੀ ਸਹੀ ਹੋ ਗਿਆ ਹੈ।
ਵਿਕਾਸ ਲਈ ਪੁੱਟੀਆਂ ਸੜਕਾਂ ’ਤੇ ਮੀਂਹ ਕਾਰਨ ਚਿੱਕੜ
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਰਾਏਕੋਟ ਸ਼ਹਿਰ ਦੇ ਸੁੰਦਰੀਕਰਨ ਅਤੇ ਸ਼ਹਿਰ ਵਾਸੀਆਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਪੂਰਾ ਕਰਨ ਲਈ ਨਗਰ ਕੌਂਸਲ ਰਾਏਕੋਟ ਵੱਲੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਦੀ ਅਗਵਾਈ ਵਿੱਚ ਵੱਡੀ ਪੱਧਰ ’ਤੇ ਵਿਕਾਸ ਕਾਰਜ ਆਰੰਭੇ ਗਏ ਹਨ। ਪਰ ਇਨ੍ਹਾਂ ਵਿਕਾਸ ਕਾਰਜਾਂ ਦੀ ਢਿੱਲੀ ਰਫਤਾਰ ਕਾਰਨ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਅੰਦਰ ਬੈਂਕ ਕਲੋਨੀ, ਪ੍ਰਫੈਸਰ ਕਲੋਨੀ, ਰਾਮਦਾਸ ਨਗਰ, ਈਦ ਗਾਹ ਰੋਡ, ਮਹੁੱਲਾ ਕੁੱਲਾ ਪੱਤੀ ਅਤੇ ਮਲੇਰਕੋਟਲਾ ਰੋਡ ’ਤੇ ਸੀਵਰੇਜ ਸਿਸਟਮ ਅਤੇ ਇੰਟਰਲਾਕ ਟਾਈਲਾਂ ਲਾਉਣ ਲਈ ਆਉਣ ਜਾਣ ਦੇ ਸਾਰੇ ਰਾਹ ਪੁੱਟੇ ਹੋਏ ਹਨ। ਜਿਸ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਆ ਰਹੀਆਂ ਹਨ। ਬਰਸਾਤ ਦੇ ਮੌਸਮ ਕਾਰਨ ਰਾਏਕੋਟ ਸ਼ਹਿਰ ਦੇ ਵੱਡੇ ਹਿੱਸੇ ਵਿੱਚ ਚਿੱਕੜ ਹੀ ਚਿੱਕੜ ਨਜ਼ਰ ਆ ਰਿਹਾ ਹੈ , ਜੋ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਜਦੋਂ ਇਨ੍ਹਾਂ ਵਿਕਾਸ ਕਾਰਜਾਂ ਸਬੰਧੀ ਨਗਰ ਕੌਂਸਲ ਰਾਏਕੋਟ ਦੇ ਈਓ ਅਮਰਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਦੇ ਕਾਰਨ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਿੱਚ ਸਮਾਂ ਲੱਗ ਰਿਹਾ। ਉਨ੍ਹਾਂ ਕਿਹਾ ਕਿ ਜਲਦੀ ਹੀ ਇਨ੍ਹਾਂ ਕਾਰਜਾਂ ਨੂੰ ਪੂਰਾ ਕਰ ਲਿਆ ਜਾਵੇਗਾ।