ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਸਤੰਬਰ
ਨਸ਼ਿਆਂ ਵਿਰੋਧੀ ਨਾਟਕ ਲਹਿਰ ਦੀ ਲੜੀ ਤਹਿਤ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਵੱਲੋਂ ਲਲਤੋਂ ਕਲਾਂ ਤੇ ਲਲਤੋਂ ਖੁਰਦ ਵਿੱਚ ‘ਸੁਲਗਦੀ ਧਰਤੀ’ ਨਾਟਕ ਦਾ ਸਫ਼ਲ ਮੰਚਨ ਕੀਤਾ ਗਿਆ। ਇਸ ਨਾਟਕ ਦੀ ਪੇਸ਼ਕਾਰੀ ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ ਵੱਲੋਂ ਕੀਤੀ ਗਈ। ਇਸ ਨਾਟਕ ਨੇ ਨਸ਼ਿਆਂ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ, ਸਿਅਸੀ ਆਗੂਆਂ, ਪੁਲੀਸ ਪ੍ਰਸ਼ਾਸਨ ਅਤੇ ਵੱਡੇ ਨਸ਼ਾ-ਸਮੱਗਲਰਾਂ ਨਾਲ ਜੁੜਦੀਆਂ ਜੜ੍ਹਾਂ ਬਾਰੇ, ਪਰਿਵਾਰਕ, ਸਮਾਜਿਕ ਤੇ ਨਿੱਜੀ ਰਿਸ਼ਤਿਆਂ ਅਤੇ ਨੌਜਵਾਨਾਂ ਦੇ ਭਵਿੱਖ ’ਤੇ ਪੈ ਰਹੇ ਮਾਰੂ ਅਸਰਾਂ ਦੇ ਨਾਲ-ਨਾਲ ਨਸ਼ਿਆਂ ਦੇ ਖਾਤਰੇ ਲਈ ਵਿਸ਼ਾਲ ਤੇ ਚੇਤੰਨ ਲੋਕ ਲਹਿਰ ਦੀ ਉਸਾਰੀ ਰਾਹੀਂ ਕ੍ਰਾਂਤੀਕਾਰੀ ਹੱਲ ਬਾਰੇ ਚਾਨਣਾ ਪਾਉਂਦਿਆਂ ਦਰਸ਼ਕਾਂ ਦੇ ਦਿਮਾਗਾਂ ਨੂੰ ਚੰਗਾ ਹਲੂਣਾ ਦਿੱਤਾ। ਇਸੇ ਤਰ੍ਹਾਂ ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਨੇ ਹਕੂਮਤੀ ਜ਼ੁਲਮ ਵਿਰੁੱਧ ਮਹਾਨ ਸਿੱਖ ਲਹਿਰ ਤੇ ਅੰਗਰੇਜ਼ ਸਾਮਰਾਜ ਵਿਰੋਧੀ ਗਦਰ ਲਹਿਰ ਨੂੰ ਕਵਿਸ਼ਰੀ ਰਾਹੀਂ ਦਰਸ਼ਕਾਂ ਸਾਹਮਣੇ ਪੇਸ਼ ਕੀਤਾ। ਸਮਾਗਮ ਦੌਰਾਨ ਹੋਏ ਭਾਰੀ ਇਕੱਠ ਨੂੰ ਜਥੇਬਦੀ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ, ਉਜਾਗਰ ਸਿੰਘ ਬੱਦੋਵਾਲ, ਡਾ. ਗੁਰਮੇਲ ਸਿੰਘ ਕੁਲਾਰ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ ਨੇ ਵਿਸ਼ੇਸ਼ ਤੌਰ ’ਤੇ ਸੰਬੋਧਨ ਕੀਤਾ। ਅਖੀਰ ਵਿੱਚ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਲਲਤੋਂ ਕਲਾਂ ਦੀ ਸੱਤ ਮੈਂਬਰੀ ਕਾਰਜਕਾਰੀ ਕਮੇਟੀ ਲਈ ਗੁਰਜੰਟ ਸਿੰਘ, ਮੁਖਤਿਆਰ ਸਿੰਘ, ਨਗਿੰਦਰ ਸਿੰਘ, ਹਰਭਜਨ ਸਿੰਘ, ਸੁਰਿੰਦਰ ਸਿੰਘ, ਜਗਤਾਰ ਸਿੰਘ ਜੱਗਾ ਤੇ ਦਿਲਬਾਗ ਸਿੰਘ ਬਾਗ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸੇ ਤਰ੍ਹਾਂ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦੀ ਜਨਮ ਭੂਮੀ ਲਲਤੋਂ ਖੁਰਦ ਵਿੱਚ ਯੂਨੀਅਨ ਦੀ 11 ਮੈਂਬਰੀ ਕਾਰਜਕਾਰੀ ਕਮੇਟੀ ਲਈ ਮਾਸਟਰ ਜਸਦੇਵ ਸਿੰਘ ਲਲਤੋਂ, ਮਨਪ੍ਰੀਤ ਸਿੰਘ, ਹਰਮਨ ਸਿੰਘ, ਪ੍ਰਦੀਪ ਸਿੰਘ ਬਿੱਲੂ, ਸਰਬਜੀਤ ਸਿੰਘ, ਰਣਜੀਤ ਸਿੰਘ ਜੀਤੂ, ਜੋਰਾ ਸਿੰਘ, ਬਲਵਿੰਦਰ ਸਿੰਘ ਬਿੰਦਰ, ਹਰਜੀਤ ਸਿੰਘ, ਬਲਜੀਤ ਸਿੰਘ ਆਦਿ ਦੀ ਚੋਣ ਨੂੰ ਮਨਜ਼ੂਰੀ ਦਿੱਤੀ ਗਈ।