ਪੱਤਰ ਪ੍ਰੇਰਕ
ਪਾਇਲ, 28 ਅਪਰੈਲ
ਪਿੰਡ ਚੀਮਾ ਵਿੱਚ ਡਾ. ਭੀਮ ਰਾਓ ਅੰਬੇਡਕਰ ਦਾ ਜਨਮਦਿਨ ਮਨਾਉਂਦੇ ਹੋਏ ਪ੍ਰਗਤੀ ਕਲਾ ਕੇਂਦਰ ਲਾਦੜਾਂ ਦੀ ਟੀਮ ਨੇ ਅੰਧ-ਵਿਸ਼ਵਾਸ ਅਤੇ ਪਾਖੰਡਵਾਦ ਖ਼ਿਲਾਫ਼ ਨਾਟਕ ਖੇਡਿਆ। ਇਸ ਨਾਟਕ ਮੇਲੇ ਦਾ ਉਦਘਾਟਨ ਲੋਕ ਜਗਾਓ ਮੰਚ ਦੇ ਆਗੂ ਗੁਰਦੀਪ ਸਿੰਘ ਕਾਲੀ ਤੇ ਪ੍ਰੈੱਸ ਕਲੱਬ ਦੇ ਪ੍ਰਧਾਨ ਦੇਵਿੰਦਰ ਸਿੰਘ ਜੱਗੀ ਨੇ ਰਬਿਨ ਕੱਟ ਕੇ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਲਾਦੜਾਂ ਦੀ ਨਾਟਕ ਟੀਮ ਨੇ ਦੇਸ਼ ਅੰਦਰ ਅੱਜ ਦੇ ਹਾਲਤਾਂ, ਪਾਖੰਡਵਾਦ ਤੇ ਸਮਾਜ ਵਿਚ ਗ਼ੈਰ-ਬਰਾਬਰਤਾ ਵਿਰੁੱਧ ਨਾਟਕ ਤੇ ਕੋਰਿਓਗਰਾਫੀ ਰਾਹੀ ਲੋਕਾਂ ਨੂੰ ਜਾਗਣ ਦਾ ਹਲੂਣਾ ਦਿੱਤਾ। ਇਸ ਮੌਕੇ ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ 90 ਸਾਲ ਪਹਿਲਾਂ ਬਾਬਾ ਸਾਹਿਬ ਨੇ ਕਿਹਾ ਕਿ ਅਗਰ ਹਿੰਦੂ ਰਾਸ਼ਟਰ ਬਣਦਾ ਹੈ ਤਾਂ ਭਾਰਤੀ ਮੂਲ ਨਿਵਾਸੀਆਂ ਸਮੇਤ ਘੱਟ ਗਿਣਤੀਆਂ, ਐੱਸਸੀ/ਐੱਸਟੀ/ਓਬੀਸੀ ਸਮਾਜ ਲਈ ਬਹੁਤ ਹੀ ਖ਼ਤਰਨਾਕ ਅਤੇ ਘਾਤਕ ਹੋਵੇਗਾ। ਕਾਲੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਭੇਦ-ਭਾਵ, ਧਰਮਾਂ ਦਾ ਖਹਿੜਾ ਛੱਡ ਕੇ ਮੋਦੀ ਸਰਕਾਰ ਅਤੇ ਆਰਐੱਸਐੱਸ ਵਿਰੁੱਧ ਵੱਡਾ ਅੰਦੋਲਨ ਖੜਾ ਕਰਨਾ ਚਾਹੀਦਾ ਹੈ ਅਤੇ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਦਾ ਸਮਰਥਨ ਕਰਨਾ ਚਾਹੀਦਾ ਹੈ। ਲਿਖਾਰੀ ਸਭਾ ਪਾਇਲ ਦੇ ਪ੍ਰਧਾਨ ਸੁੱਖਾ ਸ਼ਾਹਪੁਰ ਨੇ ਕਿਹਾ ਕਿ ਦੇਸ਼ ਨੂੰ ਖ਼ੁਸ਼ਹਾਲ ਬਣਾਉਣ ਲਈ ਰਵਾਇਤੀ ਪਾਰਟੀਆਂ ਦਾ ਖਹਿੜਾ ਛੱਡ ਕੇ ਡਾ.ਭੀਮ ਰਾਓ ਦੀ ਸੋਚ ਨੂੰ ਅਪਣਾ ਕੇ ਚੱਲਣਾ ਚਾਹੀਦਾ ਹੈ। ਇਹੋ ਰਵਾਇਤੀ ਪਾਰਟੀਆਂ ਵੋਟਾਂ ਦੀ ਲੁੱਟ ਕਰਕੇ ਲੋਕਾਂ ਨੂੰ ਗ਼ੁਲਾਮ ਬਣਾ ਰਹੀਆਂ ਹਨ।