ਦੇਵਿੰਦਰ ਸਿੰਘ ਜੱਗੀ
ਪਾਇਲ, 12 ਅਕਤੂਬਰ
ਪੰਜਾਬ ਵਿੱਚ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਝੋਨੇ ਦੀ ਵਾਢੀ ਅਤੇ ਆਲੂਆਂ ਦੀ ਬਿਜਾਈ ਦਾ ਕੰਮ ਬੀਤੇ ਦਿਨੀਂ ਪਏ ਭਾਰੀ ਮੀਂਹ ਕਾਰਨ ਰੁਕ ਗਿਆ ਹੈ। ਮੀਂਹ ਕਾਰਨ ਆਲੂਆਂ ਦੀ ਬਿਜਾਈ ਲਈ ਤਿਆਰ ਕੀਤੇ ਖੇਤ ਨੂੰ ਵੱਤਰ ਆਉਣ ਮਗਰੋਂ ਮੁੜ ਤਿਆਰ ਕਰਨਾ ਪਵੇਗਾ। ਇਸੇ ਤਰ੍ਹਾਂ ਪੱਕ ਚੁੱਕੇ ਝੋਨੇ ਵਿੱਚ ਪਾਣੀ ਖੜ੍ਹਣ ਕਾਰਨ ਵਾਢੀ ਦਾ ਕੰਮ ਪਛੇਤਾ ਪੈ ਗਿਆ ਹੈ। ਕਿਸਾਨ ਹਰਪ੍ਰੀਤ ਸਿੰਘ ਰਾਜੇਵਾਲ ਨੇ ਦੱਸਿਆ ਕਿ ਆਲੂਆਂ ਦੀ ਬਿਜਾਈ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਤਿਆਰ ਕੀਤੇ ਗਏ ਖੇਤਾਂ ਨੂੰ ਦੁਬਾਰਾ ਤਿਆਰ ਕਰਨ ’ਤੇ ਕਿਸਾਨਾਂ ਨੂੰ ਦੋਹਰੀ ਮਾਰ ਝੱਲਣੀ ਪਵੇਗੀ। ਇਸੇ ਤਰ੍ਹਾਂ ਪੱਕ ਚੁੱਕੇ ਝੋਨੇ ਦੀ ਵਾਢੀ ਦਾ ਕੰਮ ਪਛੇਤਾ ਹੋਣ ਦਾ ਝਾੜ ’ਤੇ ਵੀ ਅਸਰ ਪਵੇਗਾ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਨਮੀ ਦੀ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਬੈਠੇ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਝੋਨੇ ਵਿੱਚ ਵੱਧ ਨਮੀ ਤੋਂ ਛੋਟ ਦਿੱਤੀ ਜਾਵੇ ਅਤੇ ਆਲੂਆਂ ਦੀ ਬਿਜਾਈ ਸਮੇਂ ਹੋਏ ਖਰਚੇ ਦੀ ਵੀ ਭਰਪਾਈ ਕੀਤੀ ਜਾਵੇ।