ਨਿੱਜੀ ਪੱਤਰ ਪ੍ਰੇਰਕ
ਦੋਰਾਹਾ, 25 ਜੂਨ
ਦੋਰਾਹਾ ਸ਼ਹਿਰ ਦੇ ਵਾਸੀ ਮਜਬੂਰਨ ਗੰਦਗੀ ਵਾਲੀਆਂ ਥਾਵਾਂ ਦੇ ਢੇਰਾਂ ਕੋਲ ਰਹਿਣ ਨੂੰ ਮਜਬੂਰ ਹਨ। ਇਨ੍ਹਾਂ ਗੰਦਗੀ ਦੇ ਢੇਰਾਂ ਕਾਰਨ ਕੌਂਸਲ ਦੋਰਾਹਾ ਦੀ ਸਵੱਛਤਾ ਮੁਹਿੰਮ ’ਤੇ ਸਵਾਲੀਆਂ ਚਿੰਨ੍ਹ ਲੱਗ ਰਹੇ ਹਨ। ਜ਼ਿਕਰਯੋਗ ਹੈ ਕਿ ਕੌਂਸਲ ਵੱਲੋਂ ਸਵੱਛਤਾ ਸਬੰਧੀ ਮੁਕਾਬਲੇ ਕਰਵਾ ਕੇ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਹੋਰ ਅਫਸਰਾਂ ਨੇ ਚੰਗੀ ਸਫ਼ਾਈ ਰੱਖਣ ਵਾਲੇ ਸ਼ਹਿਰ ਦੇ ਹੋਟਲਾਂ, ਸਕੂਲਾਂ ਤੇ ਵਾਰਡਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਸੀ।
ਹੁਣ ਦੇ ਹਾਲਾਤ ਇਸ ਦੇ ਉਲਟ ਹਨ, ਕਿਉਂਕਿ ਕੌਂਸਲ ਦੀ ਢਿੱਲੀ ਕਾਰਗੁਜਾਰੀ ਕਾਰਨ ਸ਼ਹਿਰ ਅੰਦਰ ਲੱਗਦੇ ਗੰਦਗੀ ਦੇ ਢੇਰਾਂ ਅਤੇ ਵਾਰਡਾਂ ਅੰਦਰ ਸੀਵਰੇਜ ਦੇ ਗੰਦੇ ਪਾਣੀ ਦੇ ਖੜ੍ਹਨ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਿਲ ਹੋਇਆ ਪਿਆ ਹੈ। ਨਗਰ ਕੌਂਸਲ ਵੱਲੋਂ ਕੀਤੇ ਵਿਕਾਸ ਕਾਰਜਾਂ ‘ਤੇ ਸ਼ਹਿਰ ਵਾਸੀਆ ਨੇ ਲੋਕਾਂ ਗਲੀਆਂ ਵਿੱਚ ਘਟੀਆ ਕਿਸਮ ਦੀਆਂ ਟਾਈਲਾਂ ਲਾਉਣ, ਗਲੀਆਂ ਵਿਚ ਟੋਏ ਪੈਣ, ਘਰਾਂ ਅੱਗੇ ਬਰਸਾਤ ਤੇ ਸੀਵਰੇਜ ਦਾ ਗੰਦਾ ਪਾਣੀ ਖੜ੍ਹਨ ‘ਤੇ ਸਵਾਲ ਚੁੱਕੇ ਹਨ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਸਰਕਾਰ ਨਗਰ ਕੌਸਲ ਵੱਲੋਂ ਕਰਵਾਏ ਵਿਕਾਸ ਕਾਰਜਾਂ ਦੀ ਉੱਚ ਪੱਧਰੀ ਜਾਂਚ ਕਰਵਾਏ।
ਸਮਰਾਲਾ ’ਚ ਸਬਜ਼ੀ ਮੰਡੀ ਦੀ ਚੈਕਿੰਗ
ਸਮਰਾਲਾ (ਪੱਤਰ ਪ੍ਰੇਰਕ): ਸਿਹਤ ਵਿਭਾਗ ਦੀ ਟੀਮ ਵੱਲੋਂ ਐਸ.ਐਮ.ਓ. ਡਾਕਟਰ ਤਰਿਕਜੋਤ ਸਿੰਘ ਦੀ ਅਗਵਾਈ ਹੇਠ ਸਬਜ਼ੀ ਮੰਡੀ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਫਲ, ਸਬਜ਼ੀਆਂ ਤੇ ਪੈਕ ਹਾਊਸ ਦੀ ਵੀ ਚੈਕਿੰਗ ਹੋਈ। ਡਾਕਟਰ ਤਾਰਿਕਜੋਤ ਨੇ ਦੱਸਿਆ ਕਿ ਚੈਕਿੰਗ ਦੌਰਾਨ ਗਲਿਆ -ਸੜਿਆ ਫਲ ਅਤੇ ਸਬਜੀਆਂ ਮੌਕੇ ’ਤੇ ਨਸ਼ਟ ਕਰਵਾ ਦਿੱਤੀਆਂ ਗਈਆਂ।