ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਮਾਰਚ
ਸਨਅਤੀ ਸ਼ਹਿਰ ਦੇ ਪੌਸ਼ ਇਲਾਕੇ ਸਰਾਭਾ ਨਗਰ ਦੀ ਮੁੱਖ ਮਾਰਕੀਟ ’ਚ ਮੋਬਾਈਲ ਸ਼ੋਅਰੂਮ ਦਾ ਸ਼ਟਰ ਪੁੱਟ ਕੇ ਚੋਰਾਂ ਨੇ ਲੱਖਾਂ ਰੁਪਏ ਦੇ ਮੋਬਾਈਲ ਚੋਰੀ ਕਰ ਲਏ। ਚੋਰੀ ਨੂੰ ਅੰਜਾਮ ਦੇਣ ਲਈ 2 ਮੁਲਜ਼ਮ ਦੁਕਾਨ ਅੰਦਰ ਦਾਖ਼ਲ ਹੋਏ ਤੇ ਕਰੀਬ 40 ਲੱਖ ਦੇ ਫੋਨਾਂ ਸਣੇ 38 ਹਜ਼ਾਰ ਕੈਸ਼ ਚੋਰੀ ਕਰ ਕੇ ਫ਼ਰਾਰ ਹੋ ਗਏ। ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਸ਼ੋਅਰੂਮ ਮਾਲਕ ਅਮਰਪ੍ਰੀਤ ਸਿੰਘ ਬੁੱਧਵਾਰ ਨੂੰ ਸਵੇਰੇ ਪੁੱਜੇ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ-5 ਦੀ ਪੁਲੀਸ ਤੇ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਦੋ ਜਣੇ ਦੁਕਾਨ ਅੰਦਰ ਦਾਖ਼ਲ ਹੋਏ। ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਪਾਲ ਸੈੱਲ ਪੁਆਇੰਟ ਦੇ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੀ ਰਾਤ ਸਮੇਂ ਉਹ ਸ਼ੋਅਰੂਮ ਨੂੰ ਜਿੰਦਰਾ ਲਾ ਕੇ ਚਲੇ ਗਏ। ਪਿਛੋਂ ਚੋਰਾਂ ਨੇ ਦੇਰ ਰਾਤ ਨੂੰ ਸ਼ਟਰ ਪੁੱਟਿਆ ਅਤੇ ਅੰਦਰੋਂ ਲੱਖਾਂ ਰੁਪਏ ਦੇ ਫੋਨ ਚੋਰੀ ਕਰ ਲਏ। ਮੁਲਜ਼ਮ 38 ਹਜ਼ਾਰ ਦੀ ਨਗਦੀ ਵੀ ਲੈ ਗਏ। ਬੁੱਧਵਾਰ ਦੀ ਸਵੇਰੇ ਉਨ੍ਹਾਂ ਤੋਂ ਪਹਿਲਾਂ ਕੰਮ ਕਰਨ ਵਾਲਾ ਲੜਕਾ ਪੁੱਜ ਗਿਆ। ਉਸ ਨੇ ਸ਼ਟਰ ਉਖੜਿਆ ਦੇਖ ਕੇ ਤੁਰੰਤ ਅਮਰਪ੍ਰੀਤ ਨੂੰ ਫੋਨ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਉਸ ਨੇ ਆ ਕੇ ਜਦੋਂ ਜਾਂਚ ਕੀਤੀ ਤਾਂ ਸ਼ੋਅਰੂਮ ਵਿਚੋਂ 40 ਲੱਖ ਦੇ ਮੋਬਾਈਲ ਫੋਨ, ਲਗਦੀ ਤੇ ਹੋਰ ਸਾਮਾਨ ਚੋਰੀ ਚੁੱਕਾ ਸੀ। ਅਮਰਪ੍ਰੀਤ ਸਿੰਘ ਅਨੁਸਾਰ ਮੁਲਜ਼ਮ ਲੈਪਟਾਪ ਵੀ ਲੈ ਗਏ ਸਨ। ਉਨ੍ਹਾਂ ਨੇ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰੇ ਚੈਕ ਕੀਤੇ ਤਾਂ ਪਤਾ ਲੱਗਿਆ ਕਿ ਦੋ ਚੋਰ ਦੁਕਾਨ ਅੰਦਰ ਦਾਖ਼ਲ ਹੋਏ ਤੇ ਲਗਭਗ ਸਾਰਾ ਸ਼ੋਅਰੂਮ ਖਾਲੀ ਕਰ ਗਏ। ਚੋਰ ਫ਼ਰਾਰ ਹੋਣ ਸਮੇਂ ਸਾਰਾ ਸਾਮਾਨ ਬੈਗ ’ਚ ਪਾ ਕੇ ਲੈ ਗਏ।
ਫ਼ਿਲਹਾਲ ਪੁਲੀਸ ਨੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਡਿਵੀਜ਼ਨ ਨੰਬਰ-5 ਦੇ ਐੱਸਐੱਚਓ ਸਬ ਇੰਸਪੈਕਟਰ ਨੀਰਜ ਚੌਧਰੀ ਨੇ ਦੱਸਿਆ ਕਿ ਮੁਲਜ਼ਮਾਂ ਦਾ ਪਤਾ ਲਾਉਣ ’ਚ ਪੁਲੀਸ ਲੱਗੀ ਹੋਈ ਹੈ ਤੇ ਜਲਦੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।