ਪੱਤਰ ਪ੍ਰੇਰਕ
ਪਾਇਲ, 7 ਜਨਵਰੀ
ਯੂਥ ਵਿਕਾਸ ਮੋਰਚਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਰਾਏਪੁਰ ਨੇ ਕਿਹਾ ਕਿ ਕੀਟਨਾਸ਼ਕਾਂ ਦੇ ਨਿੱਜੀ ਵਿਕਰੇਤਾ ਕਿਸਾਨਾਂ ਦੀ ਲੁੱਟ ਬੰਦ ਕਰਨ, ਕਿਉਂਕਿ ਕਿਰਸਾਨੀ ਪਹਿਲਾਂ ਹੀ ਕਰਜ਼ੇ ਹੇਠ ਦੱਬੀ ਹੋਈ ਹੈ। ਉਨ੍ਹਾਂ ਕਿਹਾ ਕਿ ਨਿੱਜੀ ਵਿਕਰੇਤਾ ਵੱਧ ਕੀਮਤਾਂ ਵਸੂਲ ਕੇ ਫਸਲਾਂ ਦੇ ਬੀਜ ਅਤੇ ਯੂਰੀਆ ਖਾਦ ਦੇ ਨਾਲ ਜਬਰੀ ਦਵਾਈਆਂ ਚੁੱਕਵਾ ਰਹੇ ਹਨ, ਜੋ ਕਿਸਾਨਾਂ ਨਾਲ ਧੱਕੇਸ਼ਾਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਸਹਿਕਾਰੀ ਖੇਤੀਬਾੜੀ ਸਭਾਵਾਂ ਵੀ ਕਿਸਾਨਾਂ ਨੂੰ ਪੂਰੀ ਪਾਰਦਰਸ਼ਤਾ ਨਾਲ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਸਪਲਾਈ ਦੇਣ ਤਾਂ ਜੋ ਕਿਸਾਨ ਪ੍ਰਾਈਵੇਟ ਦੁਕਾਨਦਾਰਾਂ ਦੀ ਲੁੱਟ ਤੋਂ ਬਚ ਸਕਣ। ਯੂਥ ਕਿਸਾਨ ਮੋਰਚੇ ਨੇ ਕਿਸਾਨਾਂ ਦੀ ਲੁੱਟ ਕਰਨ ਵਾਲੇ ਪ੍ਰਾਈਵੇਟ ਦਵਾਈ ਵਿਕਰੇਤਾ ਨੂੰ ਅਪੀਲ ਕੀਤੀ ਕਿ ਉਹ ਇਹ ਗੋਰਖ ਧੰਦਾ ਬੰਦ ਕਰਨ, ਜੇਕਰ ਉਨ੍ਹਾਂ ਨੇ ਲੁੱਟ ਬੰਦ ਨਾ ਕੀਤੀ ਤਾਂ ਯੂਥ ਕਿਸਾਨ ਮੋਰਚਾ ਦੁਕਾਨਾਂ ਅੱਗੇ ਧਰਨੇ ਲਗਾਉਣ ਲਈ ਮਜਬੂਰ ਹੋਵੇਗਾ। ਇਸ ਮੌਕੇ ਮੋਰਚੇ ਦੇ ਨਮਾਇੰਦੇ ਖੁਸ਼ਪਰੀਤ ਸਿੰਘ ਨਵਾਂਪਿੰਡ, ਅਦੀਪ ਜੰਡਾਲੀ, ਜਗਦੀਪ ਜੱਗੀ ਤੇ ਹਰਜੀਤ ਸਿੰਘ ਪਾਇਲ ਆਦਿ ਹਾਜ਼ਰ ਸਨ।