ਚਰਨਜੀਤ ਸਿੰਘ ਢਿੱਲੋਂ/ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 4 ਜੁਲਾਈ
ਇੱਥੇ ਮੁਹੱਲੇ ’ਚ ਆਏ ਦਿਨ ਦੀ ਧੱਕੇਸ਼ਾਹੀ ਤੋਂ ਅੱਕੇ ਲੋਕਾਂ ਦਾ ਸਬਰ ਅੱਜ ਜਵਾਬ ਦੇ ਗਿਆ। ਰੋਹ ’ਚ ਆਏ ਇਨ੍ਹਾਂ ਲੋਕਾਂ ਜਿਨ੍ਹਾਂ ’ਚ ਔਰਤਾਂ ਵੀ ਸ਼ਾਮਲ ਸਨ, ਨੇ ਜਗਰਾਉਂ-ਰਾਏਕੋਟ ਸੜਕ ਮੱਲ ਲਈ। ਸਥਾਨਕ ਪੰਜ ਨੰਬਰ ਚੂੰਗੀ ਤੇ ਪਿੰਡ ਕੋਠੇ ਖੰਜੂਰਾਂ ਨੂੰ ਜਾਂਦੇ ਰਾਹ ਵਾਲੇ ਚੌਕ ’ਚ ਧਰਨੇ ਕਰ ਕੇ ਜਾਮ ਲੱਗਣ ਕਾਰਨ ਪੁਲੀਸ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਧਰਨਾਕਾਰੀ ਨਾਅਰੇਬਾਜ਼ੀ ਕਰਦੇ ਹੋਏ ਪੁਲੀਸ ’ਤੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਾ ਰਹੇ ਸਨ। ਭੜਕੇ ਲੋਕਾਂ ਨੂੰ ਸ਼ਾਂਤ ਕਰਨ ਲਈ ਪੁਲੀਸ ਨੂੰ ਕਾਫੀ ਮਸ਼ੱਕਤ ਕਰਨੀ ਪਈ ਅਤੇ ਕਾਰਵਾਈ ਦਾ ਭਰੋਸਾ ਦੇ ਕੇ ਧਰਨਾ ਚੁਕਵਾਇਆ।
ਇਸ ਦੌਰਾਨ ਤਪਦੀ ਗਰਮੀ ’ਚ ਤਪੇ ਬੈਠੇ ਲੋਕਾਂ ਦਾ ਕਹਿਣਾ ਸੀ ਕਿ ਮੋਹਤਬਰ ਕਈ ਵਾਰ ਪੁਲੀਸ ਨੂੰ ਇਸ ਧੱਕੇਸ਼ਾਹੀ ਦੀ ਸਮੱਸਿਆ ਤੋਂ ਜਾਣੂ ਕਰਵਾ ਕੇ ਕਾਰਵਾਈ ਦੀ ਮੰਗ ਕਰ ਚੁੱਕੇ ਹਨ। ਪਰ ਪੁਲੀਸ ਹਰ ਵਾਰ ਕਾਰਵਾਈ ਦਾ ਭਰੋਸਾ ਦੇ ਕੇ ਉਨ੍ਹਾਂ ਮੋੜਦੀ ਰਹੀ। ਅਮਲੀ ਤੌਰ ’ਤੇ ਕਾਰਵਾਈ ਨਾ ਹੋਣ ਕਰ ਕੇ ਅੱਜ ਲੋਕਾਂ ਦਾ ਰੋਹ ਵਧ ਗਿਆ। ਧਰਨੇ ’ਚ ਸ਼ਾਮਲ ਜਗਦੇਵ ਸਿੰਘ, ਅਮਰਜੀਤ ਕੌਰ ਤੇ ਹੋਰਨਾਂ ਨੇ ਕਿਹਾ ਕਿ ਗੁੰਡੇ ਅਨਸਾਰ ਮੁਹੱਲੇ ’ਚ ਆ ਕੇ ਖੱਪ ਪਾਉਣ ਤੋਂ ਇਲਾਵਾ ਮੁਹੱਲਾ ਵਾਸੀਆਂ ਨੂੰ ਧਮਕਾਉਂਦੇ ਹਨ। ਕਈ ਵਾਰ ਨੌਬਤ ਕੁੱਟਮਾਰ ਤੱਕ ਚਲੀ ਜਾਂਦੀ ਹੈ। ਇਹ ਅਨਸਾਰ ਮੁਹੱਲੇ ਦੀਆਂ ਕੁੜੀਆਂ ਤੇ ਔਰਤਾਂ ਨਾਲ ਛੇੜਖਾਨੀ ਅਤੇ ਗ਼ਲਤ ਹਰਕਤਾਂ ਕਰਨ ਤੋਂ ਵੀ ਨਹੀਂ ਝਿਜਕਦੇ। ਇਸ ਕਾਰਨ ਮੁਹੱਲੇ ਦੀਆਂ ਮਹਿਲਾਵਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ। ਪੁਲੀਸ ਤੋਂ ਇਲਾਵਾ ਇਹ ਲੋਕ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੂੰ ਵੀ ਸਮੱਸਿਆ ਤੋਂ ਜਾਣੂ ਕਰਵਾ ਚੁੱਕੇ ਹਨ। ਕਿਸੇ ਨੇ ਮੁਹੱਲੇ ’ਚ ਆ ਕੇ ਸਾਰ ਨਹੀਂ ਲਈ ਨਾ ਹੀ ਕੋਈ ਕਾਰਵਾਈ ਹੋਈ।
ਉਨ੍ਹਾਂ ਦੱਸਿਆ ਕਿ ਬੀਤੇ ਦਿਨ ਤਾਂ ਉਸ ਵੇਲੇ ਹੱਦ ਹੋ ਗਈ ਜਦੋਂ ਆਪਣੇ ਘਰ ਦੇ ਬਾਹਰ ਖੜ੍ਹੇ ਇਕ 20 ਸਾਲਾ ਨੌਜਵਾਨ ’ਤੇ ਮਾੜੇੇ ਅਨਸਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਪੀੜਤ ਪਰਿਵਾਰ ਮੁਹੱਲਾ ਵਾਸੀਆਂ ਨੂੰ ਲੈ ਕੇ ਥਾਣਾ ਸਿਟੀ ਸ਼ਿਕਾਇਤ ਲੈ ਕੇ ਗਿਆ ਪਰ ਇਸ ’ਤੇ ਵੀ ਪੁਲੀਸ ਨੇ ਕੋਈ ਕਦਮ ਨਹੀਂ ਚੁੱਕਿਆ। ਅਖੀਰ ਉਨ੍ਹਾਂ ਨੇ ਧਰਨਾ ਲਾ ਕੇ ਆਪਣੀ ਗੱਲ ਸਰਕਾਰ ਅਤੇ ਪੁਲੀਸ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਫ਼ੈਸਲਾ ਲਿਆ।
ਧਰਨੇ ਕਾਰਨ ਜਾਮ ਲੱਗਣ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਇੰਚਾਰਜ ਹਰਜਿੰਦਰ ਸਿੰਘ ਪੁਲੀਸ ਪਾਰਟੀ ਸਣੇ ਮੌਕੇ ’ਤੇ ਪਹੁੰਚੇ। ਇਸ ਸਮੇਂ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਲੋਕਾਂ ਨੇ ਰੱਜ ਕੇ ਭੜਾਸ ਕੱਢੀ। ਥਾਣਾ ਮੁਖੀ ਨੇ ਦੱਸਿਆ ਕਿ ਨੌਜਵਾਨ ’ਤੇ ਹਮਲਾ ਕਰਨ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲੀਸ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਮੁਲਜ਼ਮ ਜਲਦ ਗ੍ਰਿਫ਼ਤਾਰ ਕਰ ਲਏ ਜਾਣਗੇ।