ਡੀਪੀਐੱਸ ਬੱਤਰਾ
ਸਮਰਾਲਾ, 22 ਅਗਸਤ
ਇੱਥੇ ਪਿੰਡਾਂ ਵਿੱਚ ਬਣੀਆਂ ਹੱਡਾ ਰੋੜੀਆਂ ਵਿੱਚ ਲੰਪੀ ਸਕਿਨ ਬਿਮਾਰੀ ਨਾਲ ਮਰੇ ਪਸ਼ੂਆਂ ਨੂੰ ਸੁੱਟਣ ਲਈ ਹੁਣ ਥਾਂ ਨਹੀਂ ਬਚੀ। ਇਸ ਕਾਰਨ ਲੋਕਾਂ ਨੇ ਮਰੇ ਹੋਏ ਪਸ਼ੂਆਂ ਨੂੰ ਸੜਕਾਂ ਦੇ ਕਿਨਾਰੇ ਸੁੱਟਣਾ ਸ਼ੁਰੂ ਕਰ ਦਿੱਤਾ ਹੈ। ਅੱਜ ਸਮਰਾਲਾ ਦੇ ਕਈ ਪਿੰਡਾਂ ਵਿੱਚੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਕਾਰਨ ਸੜਕਾਂ ਕੰਢੇ ਕਈ ਥਾਈਂ ਬਦਬੂ ਮਾਰ ਰਹੀ ਸੀ। ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਬਸਪਾ ਆਗੂ ਦਲਬੀਰ ਸਿੰਘ ਮੰਡਿਆਲਾ ਨੇ ਰਾਤ ਦੇ ਹਨੇਰੇ ਵਿੱਚ ਸੜਕ ਕਿਨਾਰੇ ਸੁੱਟੇ ਜਾ ਰਹੇ ਮਰੇ ਪਸ਼ੂਆਂ ਦੇ ਮਾਮਲੇ ਵਿੱਚ ਐੱਸਡੀਐੱਮ ਸਮਰਾਲਾ ਤੋਂ ਦਖ਼ਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਲੋਕ ਅਜਿਹਾ ਹੀ ਕਰਦੇ ਰਹੇ ਤਾਂ ਹੋਰ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨ। ਕਿਸਾਨ ਗੁਰਦੀਪ ਸਿੰਘ ਬਰਮਾ ਨੇ ਦੱਸਿਆ ਕਿ ਬਿਮਾਰ ਪਸ਼ੂਆਂ ਦੇ ਇਲਾਜ ਲਈ ਸਰਕਾਰੀ ਪੱਧਰ ’ਤੇ ਕੋਈ ਪ੍ਰਬੰਧ ਨਾ ਹੋਣ ਕਾਰਨ ਲੋਕ ਆਪਣੇ ਤੌਰ ’ਤੇ ਪਸ਼ੂਆਂ ਨੂੰ ਸੰਭਾਲਣ ਵਿੱਚ ਲੱਗੇ ਹੋਏ ਹਨ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇੱਕ ਅੰਕੜੇ ਅਨੁਸਾਰ ਹੁਣ ਤੱਕ ਇਸ ਬਿਮਾਰੀ ਕਾਰਨ 1.25 ਲੱਖ ਗਾਵਾਂ ਦੀ ਮੌਤ ਹੋ ਚੁੱਕੀ ਹੈ। ਇਸ ਕਾਰਨ ਪੰਜਾਬ ਦੇ ਦੁੱਧ ਉਤਪਾਦਕਾਂ ਨੂੰ ਘੱਟੋ-ਘੱਟ 1250 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਨੇ ਪੰਜਾਬ ਦੇ ਡੇਅਰੀ ਕਾਰੋਬਾਰ ਦਾ ਪੂਰੀ ਤਰ੍ਹਾਂ ਨਾਲ ਲੱਕ ਤੋੜ ਦਿੱਤਾ ਹੈ, ਸਰਕਾਰ ਇਸ ਬਿਮਾਰੀ ਦੀ ਰੋਕਥਾਮ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਰਾਜੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਦਿੱਤਾ ਹੈ ਅਤੇ ਸਰਕਾਰ ਅੱਗੇ ਮੰਗ ਰੱਖੀ ਹੈ ਕਿ ਸੂਬੇ ਦੇ ਸਾਰੇ ਮਿਲਕ ਪਲਾਂਟਾਂ ਦੇ ਨਾਲ-ਨਾਲ ਪਸ਼ੂਆਂ ਨੂੰ ਵੱਧ ਤੋਂ ਵੱਧ ਟੀਕਾਕਰਨ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ। ਰਾਜ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਨੂੰ ਮੁਫਤ ਇਲਾਜ ਦੇ ਆਦੇਸ਼ ਜਾਰੀ ਕੀਤੇ ਜਾਣ। ਉਨ੍ਹਾਂ ਮੁੱਖ ਮੰਤਰੀ ਅੱਗੇ ਇਹ ਮੰਗ ਵੀ ਰੱਖੀ ਕਿ ਜੋ ਪਸ਼ੂ ਪਾਲਕ ਪਸ਼ੂਆਂ ਦੇ ਇਲਾਜ ਲਈ ਖ਼ਰਚ ਕਰ ਰਹੇ ਹਨ, ਦੇ ਇਲਾਜ ਦਾ ਖਰਚਾ ਸਰਕਾਰ ਅਦਾ ਕਰੇ ਅਤੇ ਜਿਨ੍ਹਾਂ ਪਸ਼ੂਆਂ ਦੇ ਪਸ਼ੂ ਮਰ ਗਏ ਹਨ, ਉਨ੍ਹਾਂ ਪਸ਼ੂ ਮਾਲਕਾਂ ਨੂੰ ਪ੍ਰਤੀ ਪਸ਼ੂ ਇਕ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੀੜਤ ਪਸ਼ੂਆਂ ਦਾ ਤੁਰੰਤ ਇਲਾਜ ਕਰਨਾ ਚਾਹੀਦਾ ਹੈ।