ਰਾਮ ਗੋਪਾਲ ਰਾਏਕੋਟੀ
ਰਾਏਕੋਟ, 1 ਦਸੰਬਰ
ਪਿੰਡ ਬੱਸੀਆਂ ’ਚ ਰਾਏਕੋਟ ਸੜਕ ਨੇੜੇ ਸੀਲੋਆਣੀ ਦੇ ਮੋੜ ਨਜ਼ਦੀਕ ਲੱਗੇ ਗੰਦਗੀ ਦੇ ਢੇਰ ਜਿੱਥੇ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਉਥੇ ਹੀ ਪਿੰਡ ਵਿੱਚ ਦਾਖਲ ਹੋਣ ਵਾਲੇ ਲੋਕਾਂ ਦਾ ਭੈੜੀ ਬਦਬੂ ਨਾਲ ਸਵਾਗਤ ਕਰ ਰਹੇ ਹਨ। ਇਨ੍ਹਾਂ ਗੰਦਗੀ ਦੇ ਢੇਰਾਂ ’ਤੇ ਆਵਾਰਾ ਪਸ਼ੂ ਅਤੇ ਕੁੱਤੇ ਮੂੰਹ ਮਾਰਦੇ ਰਹਿੰਦੇ ਹਨ ਅਤੇ ਸੜਕ ਤੋਂ ਲੰਘਣ ਵਾਲੇ ਵਿਅਕਤੀਆਂ ਤੇ ਰਾਹਗੀਰਾਂ ਲਈ ਹਾਦਸਿਆਂ ਦਾ ਕਾਰਨ ਬਣਦੇ ਹਨ। ਇਹੀ ਹਾਲ ਜਗਰਾਉਂ ਰੋਡ ਦਾ ਹੈ ਇੱਥੇ ਵੀ ਟੈਲੀਫੋਨ ਐਕਸਚੇਂਜ ਨਜ਼ਦੀਕ ਲੋਕਾਂ ਵੱਲੋਂ ਆਪਣੇ ਘਰਾਂ ਦੀ ਗੰਦਗੀ ਸੁੱਟ ਕੇ ਵੱਡੇ ਵੱਡੇ ਢੇਰ ਲਗਾਏ ਹੋਏ ਹਨ, ਜਿਸ ਕਾਰਨ ਨਜ਼ਦੀਕ ਰਹਿੰਦੇ ਘਰਾਂ ਵਾਲਿਆਂ ਅਤੇ ਦੁਕਾਨਦਾਰਾਂ ਨੂੰ ਗੰਦਗੀ ਦੇ ਢੇਰਾਂ ਵਿਚੋਂ ਉੱਡਣ ਵਾਲੀ ਬਦਬੂ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਸਥਿਤ ਦੁਕਾਨਦਾਰਾਂ ਨੇ ਦੱਸਿਆ ਕਿ ਕਈ ਵਾਰ ਲੋਕਾਂ ਨੂੰ ਰੋਕਣ ਦੇ ਬਾਵਜੂਦ ਵੀ ਲੋਕਾਂ ਵੱਲੋਂ ਬਿਨਾਂ ਕਿਸੇ ਡਰ ਖੌਫ਼ ਦੇ ਗੰਦਗੀ ਸੁੱਟਣਾ ਜਾਰੀ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਜਗਦੇਵ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੀ ਲੋਕਾਂ ਨੂੰ ਗੰਦਗੀ ਨਾ ਸੁੱਟਣ ਦੀ ਕਈ ਵਾਰ ਅਪੀਲ ਕੀਤੀ ਜਾ ਚੁੱਕੀ ਹੈ ਪਰ ਲੋਕਾਂ ਵੱਲੋਂ ਲਗਾਤਾਰ ਗੰਦਗੀ ਸੁੱਟਣਾ ਜਾਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਚਾਇਤ ਵੱਲੋਂ ਕੂੜੇ ਨੂੰ ਸਾਫ ਕਰਨ ਵਾਲੀ ਮਸ਼ੀਨ ਉਨ੍ਹਾਂ ਕੋਲ ਉਪਲੱਬਧ ਹੈ ਪਰ ਪਿਛਲੇ ਕੁਝ ਸਮੇਂ ਤੋਂ ਕੁਝ ਕਾਰਨਾਂ ਕਰ ਕੇ ਸਫ਼ਾਈ ਨਹੀਂ ਹੋ ਸਕੀ।
ਉਨ੍ਹਾਂ ਕਿਹਾ ਕਿ ਆਉਂਦੇ ਕੁਝ ਦਿਨਾਂ ਦੌਰਾਨ ਗੰਦਗੀ ਦੇ ਢੇਰਾਂ ਨੂੰ ਸਾਫ ਕਰ ਦਿੱਤਾ ਜਾਵੇਗਾ।