ਪੱਤਰ ਪ੍ਰੇਰਕ
ਜਗਰਾਉਂ, 8 ਨਵੰਬਰ
ਸਾਹਿਤਕ ਸੱਥਾਂ ਨੂੰ ਸਮਰਪਿਤ ਚੇਅਰਮੈਨ ਰਾਜ ਕੁਮਾਰ ਗੋਇਲ ਮੈਮੋਰੀਅਲ ਟਰੱਸਟ ਮਾਣੂੰਕੇ ਵਲੋਂ ਮਹਿਫ਼ਲ-ਏ-ਅਦੀਬ ਸੰਸਥਾ ਜਗਰਾਉਂ ਅਤੇ ਸ਼ਬਦ ਅਦਬ ਸਾਹਿਤ ਸਭਾ ਮਾਣੂੰਕੇ ਨਾਲ ਪਿੰਡ ਮਾਣੂੰਕੇ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਪ੍ਰਬੰਧ ਪ੍ਰਧਾਨ ਸਾਧੂ ਸਿੰਘ ਸੰਧੂ, ਜੀਵਨ ਕੁਮਾਰ ਗੋਲਡੀ ਅਤੇ ਰਛਪਾਲ ਸਿੰਘ ਚਕਰ ਵੱਲੋਂ ਕੀਤਾ ਗਿਆ। ਇਸ ਮੌਕੇ ਲੇਖਕ ਗੁਰਚਰਨ ਸੱਗੂ ਵੱਲੋਂ ਰਚੀ ਪੁਸਤਕ ‘ਵੇਖਿਆ ਸ਼ਹਿਰ ਬੰਬਈ’ ਲੋਕ ਅਰਪਣ ਕੀਤੀ ਗਈ। ਜਸਵਿੰਦਰ ਸਿੰਘ ਛਿੰਦਾ ਨੇ ਸੱਗੂ ਦੀ ਕਿਤਾਬ ਨੂੰ ਨਿੱਜੀ ਜ਼ਿੰਦਗੀ ਦੇ ਤਜਰਬਿਆਂ ਦਾ ਤਰਜ਼ਮਾਂ ਦੱਸਿਆ। ਉਨ੍ਹਾਂ ਕਿਹਾ ਕਿ ਇਹ ਕਿਤਾਬ ਫ਼ਿਲਮੀ ਖੇਤਰ ਵਿਚ ਸੰਘਰਸ਼ ਕਰ ਰਹੇ ਲੋਕਾਂ ਦਾ ਮਾਰਗ ਦਰਸ਼ਕ ਕਰਨ ਵਿਚ ਸਹਾਈ ਹੋਵੇਗੀ। ਉੱਭਰ ਰਹੇ ਗਾਇਕ ਮਨੀ ਹਠੂਰ ਨੇ ਗੀਤ ‘ਕਿੱਥੇ ਗਈਆਂ ਮਾਏ ਸਾਡੇ ਹਿੱਸੇ ਦੀਆਂ ਲੋਰੀਆਂ’, ਕੈਪਟਨ ਪੂਰਨ ਸਿੰਘ ਗਗੜਾ ਨੇ ‘ਨਸ਼ੇ ਬਨਾਮ ਪੰਜਾਬੀ’ ਕਵਿਤਾ, ਸਰਦੂਲ ਸਿੰਘ ਲੱਖਾ ਨੇ ‘ਮਨਾਵਾਂਗੇ ਪੁੱਤ ਆਪਾਂ ਵੀ, ਆਪਾਂ ਵੀ ਦੀਵਾਲੀ’ ਮਨਾਵਾਂਗੇ’, ਸ਼ਾਇਰਾ ਦੀਪ ਲੁਧਿਆਣਵੀ ਨੇ ‘ਚੱਲ ਰਿਹਾ ਅੰਦੋਲਨ ਸ਼ਾਂਤਮਈ ਸਭ ਕੱਠੇ ਹੋਏ ਕਿਸਾਨ’ ਕਵਿਤਾ ਸੁਣਾਈ।