ਡੀਪੀਐੱਸ ਬੱਤਰਾ
ਸਮਰਾਲਾ, 21 ਸਤੰਬਰ
ਇੱਥੇ 74 ਸਾਲਾਂ ਤੋਂ ਪਿੰਡ ਢੰਡੇ ਦੇ ਵਸਨੀਕਾਂ ਨੂੰ ਨਹਿਰ ਦੇ ਦੂਜੇ ਕਿਨਾਰੇ ਲਿਜਾਣ-ਲਿਆਉਣ ਵਾਲੀ ਕਿਸ਼ਤੀ ਕਰੀਬ 1 ਮਹੀਨੇ ਤੋਂ ਬਿਨਾਂ ਵੱਟੇ ਪਏ ਹੀ ਨਹਿਰ ਵਿੱਚ ਅੱਧੀ ਡੁੱਬ ਗਈ ਹੈ। ਕਿਸ਼ਤੀ ਦੇ ਡੁੱਬਣ ਕਾਰਨ ਨਹਿਰ ਦੇ ਦੂਜੇ ਕੰਡੇ ਆਪਣੀਆਂ ਜ਼ਮੀਨਾਂ ਵਿੱਚ ਖੇਤੀ ਕਰਨ ਜਾਣ ਵਾਲੇ ਪਿੰਡ ਦੇ ਕਿਸਾਨਾਂ ਅਤੇ ਕਾਮਿਆਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਕਿਸਾਨਾਂ ’ਤੇ ਕਾਮਿਆਂ ਨੂੰ ਫ਼ਸਲਾਂ ਦੀ ਦੇਖਭਾਲ ਲਈ ਖੇਤਾਂ ਤੱਕ ਪੁੱਜਣ ਲਈ ਹੁਣ 10 ਕਿਲੋਮੀਟਰ ਦਾ ਲੰਬਾ ਪੈਂਡਾ ਤੈਅ ਕਰਨਾ ਪੈ ਰਿਹਾ ਹੈ। ਕਈ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਖੇਤ ਵਿੱਚ ਰੋਜ਼ਾਨਾ 2-3 ਗੇੜੇ ਮਾਰਨੇ ਪੈਂਦੇ ਹਨ ਅਤੇ ਉਨ੍ਹਾਂ ਦੀ ਦਿਹਾੜੀ ਤਾਂ ਹੁਣ ਇਹ ਪੈਂਡਾ ਤੈਅ ਕਰਨ ਵਿੱਚ ਹੀ ਲੰਘ ਜਾਂਦੀ ਹੈ। ਹਾਲਾਕਿ ਆਰਜ਼ੀ ਤੌਰ ’ਤੇ ਬੰਦ ਕੀਤੀ ਇਸ ਕਿਸ਼ਤੀ ਨੂੰ ਚਾਲੂ ਕਰਨ ਲਈ ਸਮਰਾਲਾ ਦੇ ਵਿਧਾਇਕ ਵੱਲੋਂ ਵੀ ਅਧਿਕਾਰੀਆਂ ਨੂੰ ਕਈ ਵਾਰ ਕਿਹਾ ਜਾ ਚੁੱਕਾ ਹੈ, ਪਰ ਕਈ ਦਿਨਾਂ ਦੇ ਲਾਰੇ-ਲੱਪਿਆਂ ਨਾਲ ਡੰਗ ਟਪਾ ਰਹੇ ਅਧਿਕਾਰੀਆਂ ਨੇ ਹੁਣ ਇਹ ਕਿਸ਼ਤੀ ਮੁੜ ਚਾਲੂ ਕਰਨ ਵਿੱਚ ਆਪਣੀ ਅਸਮਰਥਾ ਪ੍ਰਗਟਾ ਦਿੱਤੀ ਹੈ। ਪਿੰਡ ਦੇ ਮੋਹਤਬਰ ਜਸਮੇਰ ਸਿੰਘ ਢੰਡੇ ਨੇ ਦੱਸਿਆ ਕਿ ਪਿਛਲੇ ਮਹੀਨੇ ਪਿੰਡ ਦੇ ਨੇੜਿਓਂ ਲੰਘਦੀ ਨਹਿਰ ਸਰਹਿੰਦ ਵਿੱਚੋਂ ਨਵਾਂ ਸਾਈਫ਼ਨ ਬਣਾ ਕੇ ਬੁੱਢੇ ਦਰਿਆ ਨੂੰ ਸਾਫ਼ ਕਰਨ ਲਈ ਪਾਣੀ ਛੱਡਿਆ ਗਿਆ ਸੀ, ਉਸ ਦਿਨ ਤੋਂ ਹੀ ਇਸ ਪਿੰਡ ਦੀ ਬੇੜੀ ਦਾ ਆਉਣਾ-ਜਾਣਾ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ 74 ਵਰ੍ਹਿਆਂ ਤੋਂ ਲੋਕਾਂ ਨੂੰ ਪਾਰ ਲਿਜਾਣ ਵਾਲੀ ਦੂਜੇ ਕੰਢੇ ਅੱਧੀ ਪਾਣੀ ਵਿੱਚ ਡੁੱਬੀ ਖੜ੍ਹੀ ਇਸ ਕਿਸ਼ਤੀ ਨੂੰ ਪਿੰਡ ਵਾਸੀਆਂ ਨੇ ਮੁੜ ਚਾਲੂ ਕਰਨ ਦੀ ਮੰਗ ਕੀਤੀ ਹੈ।