ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 19 ਅਪਰੈਲ
ਪੰਜਾਬ ਰੋਡਵੇਜ਼ ਦੇ ਬੱਸ ਚਾਲਕਾਂ ਵੱਲੋਂ ਨਿੱਜੀ ਬੱਸਾਂ ਨੂੰ ਸਵਾਰੀਆਂ ਚੁਕਾਉਣ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਵੀਡੀਓ’ਜ਼ ਤੋਂ ਬਾਅਦ ਵੀ ਡਰਾਈਵਰਾਂ, ਕੰਡਕਟਰਾਂ ਅਤੇ ਅੱਡਾ ਇੰਚਾਰਜਾਂ ਨੇ ਸਵਾਰੀਆਂ ਨੂੰ ਲੈ ਕੇ ਆਪਣਾ ਰਵੱਈਆ ਨਹੀਂ ਬਦਲਿਆ। ਇੱਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਲਾਲਾ ਲਾਜਪਤ ਰਾਏ ਬੱਸ ਟਰਮੀਨਲ ’ਚ ਨਿੱਜੀ ਬੱਸ ਕੰਪਨੀਆਂ ਦਾ ਕਬਜ਼ਾ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਬੱਸ ਟਰਮੀਨਲ ਦੇ ਅੰਦਰ ਜਾਣ ਵਾਲੇ ਰਾਹ ’ਤੇ ਚਾਰ ਦੇ ਕਰੀਬ ਨਿੱਜੀ ਬੱਸਾਂ ਲਗਾਤਾਰ ਖੜ੍ਹੀਆਂ ਰਹਿ ਕੇ ਸਵਾਰੀਆਂ ਚੜ੍ਹਾਉਦੀਆਂ ਨਜ਼ਰ ਆਈਆਂ।
ਰੋਡਵੇਜ਼ ਦੀਆਂ ਦੋ-ਦੋ ਮਿੰਟ ਦੇ ਫਰਕ ਨਾਲ ਪੰਜ ਬੱਸਾਂ ਬਿਨਾਂ ਰੁਕਿਆਂ ਹੀ ਚੰਡੀਗੜ੍ਹ ਤੇ ਲੁਧਿਆਣਾ ਵੱਲ ਚਲੀਆਂ ਗਈਆਂ। ਇਸ ਬਾਰੇ ਰੋਜ਼ਾਨਾ ਸਫਰ ਕਰਨ ਵਾਲੇ ਕੁਲਦੀਪ ਸਿੰਘ, ਰੇਸ਼ਮ ਸਿੰਘ, ਕਿਰਨਪਾਲ ਸਿੰਘ ਤੋਂ ਇਲਾਵਾ ਹੋਰਨਾਂ ਸਵਾਰੀਆਂ ਨੇ ਰੋਡਵੇਜ਼ ਡਰਾਈਵਰਾਂ ਦੇ ਨਿੱਜੀ ਬੱਸ ਚਾਲਕਾਂ ਨਾਲ ਮਿਲੇ ਹੋਣ ਦੋਸ਼ ਲਾਏ। ਉਨ੍ਹਾਂ ਅੱਡਾ ਇੰਚਾਰਜ ਅਤੇ ਅੱਡੇ ’ਚ ਪਰਚੀਆਂ ਕੱਟਣ ਵਾਲੇ ਮੁਲਾਜ਼ਮਾਂ ਨਾਲ ਰਾਬਤਾ ਕੀਤਾ ਤਾਂ ਅੱਧੇ ਮੁਲਾਜ਼ਮ ਡਿਊਟੀ ਤੋਂ ਗੈਰਹਾਜ਼ਰ ਹੀ ਮਿਲੇ।
ਰੋਡਵੇਜ਼ ਨੂੰ ਖੋਰਾ ਲਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ: ਮੈਨੇਜਰ
ਪੰਜਾਬ ਰੋਡਵੇਜ਼ ਦੇ ਡਿੱਪੂ ਮੈਨੇਜਰ ਸੁਖਜੀਤ ਸਿੰਘ ਗਰੇਵਾਲ ਨੇ ਆਖਿਆ ਕਿ ਰੋਡਵੇਜ਼ ਨੂੰ ਖੋਰਾ ਲਾਉਣ ਵਾਲੇ ਕਿਸੇ ਵੀ ਮੁਲਾਜ਼ਮ ਨੂੰ ਮੁਆਫ ਨਹੀਂ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਖੁਦ ਇਸ ਮਸਲੇ ਦੇ ਹੱਲ ਲਈ ਅਚਨਚੇਤੀ ਚੈਕਿੰਗ ਕਰਨਗੇ।