ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 24 ਮਈ
ਸਥਾਨਕ ਸ਼ਹਿਰ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਜ਼ਮੀਨਦੋਜ਼ ਪਾਈਪਾਂ ਵਿਛਾਉਣ ਵਾਲੀ ਗੈਸ ਕੰਪਨੀ ਵੱਲੋਂ ਥਾਂ-ਥਾਂ ਤੋਂ ਪੁੱਟੀਆਂ ਸੜਕਾਂ ਕਾਰਨ ਲੋਕ ਪ੍ਰੇਸ਼ਾਨ ਹਨ ਅਤੇ ਸ਼ਹਿਰ ਵਾਸੀਆਂ ਵਲੋਂ ਆਪਣੀ ਪ੍ਰੇਸ਼ਾਨੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਦੱਸਣ ਦੇ ਬਾਵਜੂਦ ਵੀ ਕੋਈ ਸੁਧਾਰ ਨਹੀਂ ਹੋ ਰਿਹਾ। ਮਾਛੀਵਾੜਾ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਨਾਮ ’ਤੇ ਸਾਰੀਆਂ ਹੀ ਗਲੀਆਂ ’ਚ ਇੰਟਰਲਾਕ ਟਾਈਲਾਂ, ਸੀਸੀ ਫਲੋਰਿੰਗ ਦਾ ਕੰਮ ਲਗਪਗ ਮੁਕੰਮਲ ਹੋ ਗਿਆ ਸੀ ਪਰ ਜਦੋਂ ਤੋਂ ਵੱਡੇ ਕਾਰਪੋਰੇਟ ਘਰਾਣੇ ਦੀ ‘ਥਿੰਕ ਗੈਸ’ ਨਾਮ ਦੀ ਗੈਸ ਕੰਪਨੀ ਨੇ ਜ਼ਮੀਨਦੋਜ਼ ਪਾਈਪਾਂ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਹੈ ਉਸ ਦਿਨ ਤੋਂ ਸ਼ਹਿਰ ਦੀਆਂ ਸਾਰੀਆਂ ਗਲੀਆਂ ਪੁੱਟ ਦਿੱਤੀਆਂ। ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ ਨੇ ਕਿਹਾ ਕਿ ਕਾਰਜਸਾਧਕ ਅਫ਼ਸਰ ਨੂੰ ਕਈ ਵਾਰ ਕਹਿ ਚੁੱਕੇ ਹਨ ਕਿ ਗੈਸ ਕੰਪਨੀ ਦੀਆਂ ਮਨਮਾਨੀਆਂ ’ਤੇ ਰੋਕ ਲਗਾਈ ਜਾਵੇ ਕਿਉਂਕਿ ਸਾਰੇ ਸ਼ਹਿਰ ’ਚ ਥਾਂ-ਥਾਂ ਪੁੱਟੀਆਂ ਸੜਕਾਂ ਤੇ ਖਿੱਲਰੇ ਮਲਬੇ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਆ ਰਹੀ ਹੈ। ਪ੍ਰਧਾਨ ਕੁੰਦਰਾ ਨੇ ਕਿਹਾ ਕਿ ਹੁਣ ਉਹ ਆਪਣੇ ਵੱਲੋਂ ਸਖ਼ਤ ਤਾੜਨਾ ਵਾਲਾ ਪੱਤਰ ਕੰਪਨੀ ਨੂੰ ਭੇਜਣਗੇ ਅਤੇ ਜੇ ਫਿਰ ਵੀ ਸੁਧਾਰ ਨਾ ਹੋਇਆ ਤਾਂ ਨਗਰ ਕੌਂਸਲ ਦੀ ਮੀਟਿੰਗ ’ਚ ਗੈਸ ਕੰਪਨੀ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ।
ਕੌਂਸਲ ਦਾ ਜੇਈ ਕਰੇਗਾ ਜਾਂਚ: ਕਾਰਜਸਾਧਕ ਅਫ਼ਸਰ
ਕਾਰਜਸਾਧਕ ਅਫ਼ਸਰ ਅਮਨਦੀਪ ਸਿੰਘ ਨੇ ਕਿਹਾ ਕਿ ਗੈਸ ਕੰਪਨੀ ਵੱਲੋਂ ਸੜਕਾਂ ਦੀ ਮੁਰੰਮਤ ਲਈ 62 ਲੱਖ ਰੁਪਏ ਦੀ ਬੈਂਕ ਗਾਰੰਟੀ ਦਿੱਤੀ ਹੋਈ ਹੈ ਅਤੇ ਇਹ ਤਾਂ ਹੀ ਰਿਲੀਜ਼ ਹੋਵੇਗੀ ਜੇ ਉਹ ਮੁਰੰਮਤ ਕਰੇਗੀ। ਉਨ੍ਹਾਂ ਕਿਹਾ ਕਿ ਜੇ ਮੁਰੰਮਤ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ ਅਤੇ ਉਸ ’ਚ ਬੇਨਿਯਮੀਆਂ ਹਨ ਤਾਂ ਕੌਂਸਲ ਦਾ ਜੇਈ ਇਸ ਦੀ ਜਾਂਚ ਕਰੇਗਾ। ਜਦੋਂ ਕਾਰਜਸਾਧਕ ਅਫ਼ਸਰ ਤੋਂ ਗੈਸ ਕੰਪਨੀ ਖ਼ਿਲਾਫ਼ ਪੱਤਰ ਲਿਖਣ ਦੇ ਬਾਵਜੂਦ ਮਨਮਾਨੀਆਂ ਤੇ ਕੌਂਸਲ ਦੀ ਬੇਵੱਸੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕੋਈ ਸੰਤੁਸ਼ਟ ਜਵਾਬ ਨਾ ਦਿੱਤਾ।