ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 23 ਅਗਸਤ
ਇੱਥੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ ਇੰਡੀਆ (ਯੂਨਾਈਟਡ) ਦੇ ਮੈਬਰਾਂ ਦੀ ਇਕੱਤਰਤਾ ਪਵਨ ਕੁਮਾਰ ਕੌਸ਼ਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦਾ ਆਰੰਭ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰ ਕੇ ਕੀਤਾ ਗਿਆ।
ਇਸ ਮੌਕੇ ਆਲ ਇੰਡੀਆ ਕਿਸਾਨ ਫੈੱਡਰੇਸ਼ਨ ਦੇ ਕੌਮੀ ਪ੍ਰਧਾਨ ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਜਿਵੇਂ-ਜਿਵੇਂ ਕਿਸਾਨੀ ਸੰਘਰਸ਼ ਲੰਬਾ ਹੁੰਦਾ ਜਾ ਰਿਹਾ ਹੈ ਕੇਂਦਰ ਸਰਕਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 26-27 ਅਗਸਤ ਨੂੰ ਕਿਸਾਨ ਕਨਵੈਨਸ਼ਨ ਵਿਚ ਦੇਸ਼ ਭਰ ਤੋਂ ਕਿਸਾਨ ਵਧ ਚੜ੍ਹ ਕੇ ਹਿੱਸਾ ਲੈਣਗੇ ਅਤੇ 5 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਮੁਜ਼ਫਰਨਗਰ ਵਿਚ ਕਿਸਾਨਾਂ ਦਾ ਲਾਮਿਸਾਲ ਇਕੱਠ ਹੋਵੇਗਾ।
ਇਸ ਮੌਕੇ ਕੁਲਦੀਪ ਸਿੰਘ ਨੇ ਅਫ਼ਗਾਨਿਸਤਾਨ ਵਿਚ ਸੱਤਾ ’ਤੇ ਕਾਬਜ਼ ਹੋਈ ਤਾਲਿਬਾਨੀ ਮੂਲਵਾਦੀ ਸਰਕਾਰ ਨੂੰ ਵਿਸ਼ਵ ਸਾਂਤੀ ਤੇ ਅਫ਼ਗਾਨਿਸਤਾਨੀ ਲੋਕਾਂ ਲਈ ਖ਼ਤਰਨਾਕ ਤੇ ਸਮਾਰਾਜੀ ਸ਼ਕਤੀਆਂ ਦੀ ਕੱਠਪੁਤਲੀ ਦੱਸਿਆ। ਉਨ੍ਹਾਂ ਕਿਹਾ ਕਿ ਮੌਜੂਦਾ ਖ਼ਤਮ ਹੋਏ ਪਾਰਲੀਮੈਂਟ ਸ਼ੈਸ਼ਨ ਨੂੰ ਭਾਜਪਾ ਨੇ ਮਜ਼ਾਕ ਬਣਾ ਕੇ ਰੱਖ ਦਿੱਤਾ ਅਤੇ 32 ਬਿੱਲ ਪਾਸ ਕੀਤੇ ਗਏ।
ਸ੍ਰੀ ਕੌਸ਼ਲ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਸੂਬੇ ਦਾ ਹਰ ਵਰਗ ਦੁਖੀ ਹੈ ਤੇ ਸੜਕਾਂ ’ਤੇ ਉੱਤਰ ਆਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੁਲਾਜ਼ਮਾਂ, ਪੈਨਸ਼ਨਰਾਂ ਤੇ ਆਮ ਲੋਕਾਂ ਨਾਲ ਕੀਤੇ ਵਾਅਦਿਆਂ ’ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਪਰੋਕਤ ਆਗੂਆਂ ਨੇ ਸਰਕਾਰ ਤੋਂ ਕਿਸਾਨੀ ਅੰਦੋਲਨ ਦਾ ਸਮਰਥਨ ਕਰਦਿਆਂ ਝੋਨੇ ਦੀ ਖ਼ਰੀਦ ’ਤੇ ਲਾਈਆਂ ਸ਼ਰਤਾਂ ਵਾਪਸ ਲੈਣ, ਪੈਟਰੋਲ-ਡੀਜ਼ਤ ਤੇ ਘਰੇਲੂ ਗੈਸ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਵਾਪਸ ਲੈਣ, ਮਹਿੰਗਾਈ ’ਤੇ ਕਾਬੂ ਪਾਉਣ ਦੀ ਮੰਗ ਕੀਤੀ।